ਗੋਨਿਆਣਾ, 8 ਜੁਲਾਈ (ਲਛਮਣ ਦਾਸ ਗਰਗ)- ਬੀਤੀ ਰਾਤ ਸਥਾਨਕ ਸਰਕਾਰੀ ਸਿਵਲ ਹਸਪਤਾਲ ਦੇ ਜੱਚਾ-ਬੱਚਾ ਕੇਂਦਰ ਵਿਚ ਸਫ਼ਾਈ ਸੇਵਕ ਦੀ ਹਸਪਤਾਲ ਦੇ ਬਾਥਰੂਮ ਵਿਚ ਭੇਦ ਭਰੇ ਹਲਾਤਾਂ ਵਿਚ ਮੌਤ ਹੋ ਗਈ ਸੀ, ਤਕਰੀਬਨ 12 ਘੰਟੇ ਦੇ ਬੀਤ ਜਾਣ ਦੇ ਬਾਵਜੂਦ ਵੀ ਉਕਤ ਹਸਪਤਾਲ ਦੇ ਪ੍ਰਬੰਧਕ ਅਤੇ ਸੀਨੀਅਰ ਮੈਡੀਕਲ ਅਫ਼ਸਰ ਇਸ ਘਟਨਾ ਤੋਂ ਬਿਲਕੁਲ ਬੇਖਬਰ ਸਨ। ਮਿਲੀ ਜਾਣਕਾਰੀ ਅਨੁਸਾਰ ਸਫ਼ਾਈ ਸੇਵਕ ਗੁਰਦੀਪ ਸਿੰਘ ਵਾਸੀ ਨੇਹੀਆਂ ਵਾਲਾ ਦੀ ਬੀਤੀ ਰਾਤ ਡਿਊਟੀ ਸੀ, ਪਰ ਉਹ ਡਿਊਟੀ ‘ਤੇ ਹਾਜ਼ਰ ਨਹੀਂ ਹੋਇਆ, ਸਵੇਰ ਦੇ ਸਮੇਂ ਤੱਕ ਸਫ਼ਾਈ ਸੇਵਕ ਦੇ ਨਾਂ ਆਉਣ ਤੋਂ ਬਾਅਦ ਹੋਰ ਸਫ਼ਾਈ ਸੇਵਕ ਜਿਸ ਦੀ ਅਗਲੀ ਡਿਊਟੀ ਸੀ ਨੇ ਜਦੋਂ ਬਾਥਰੂਮ ਕੋਲ ਜਾ ਕੇ ਬਾਥਰੂਮ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਬਾਥਰੂਮ ਅੰਦਰੋਂ ਕੁੰਡਾ ਲੱਗਾ ਹੋਣ ਕਾਰਕੇ ਨਹੀਂ ਖੁੱਲਿਆ ਅਤੇ ਹੋਰ ਸਟਾਫ਼ ਦੀ ਹਾਜ਼ਰੀ ਵਿਚ ਜਦੋਂ ਉਕਤ ਬਾਥਰੂਮ ਨੂੰ ਖੋਲਿਆ ਗਿਆ ਤਾਂ ਸਾਰਾ ਸਟਾਫ਼ ਦੇਖ ਕੇ ਹੈਰਾਨ ਰਹਿ ਗਿਆ ਕਿ ਅੰਦਰ ਉਕਤ ਸਫ਼ਾਈ ਸੇਵਕ ਗੁਰਦੀਪ ਸਿੰਘ ਮਰਿਆ ਹੋਇਆ ਸੀ ਅਤੇ ਡਾਕਟਰੀ ਸਟਾਫ਼ ਨੇ ਉੱਥੇ ਜਾ ਕੇ ਦੇਖਿਆ ਤਾਂ ਉਸ ਦਾ ਸਾਰਾ ਸਰੀਰ ਨੀਲਾ ਹੋਇਆ ਪਿਆ ਸੀ। ਸਿਵਲ ਹਸਪਤਾਲ ਦੇ ਮੌਜੂਦ ਸਟਾਫ਼ ਨੇ ਇਸ ਸੰਬੰਧੀ ਸੂਚਨਾ ਸਥਾਨਕ ਪੁਲਿਸ ਥਾਣਾ ਨੂੰ ਦਿੱਤੀ। ਪੁਲਿਸ ਨੇ ਆ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਇੱਥੇ ਇਹ ਵੀ ਸ਼ੱਕ ਜ਼ਾਹਿਰ ਹੁੰਦਾ ਹੈ ਕਿ ਸਰਕਾਰੀ ਹਸਪਤਾਲ ਦੇ ਇਕ ਸਫ਼ਾਈ ਸੇਵਕ ਦੀ ਲਾਸ਼ ਸਾਰੀ ਰਾਤ ਬਾਥਰੂਮ ਵਿਚ ਪਈ ਰਹੀ ਕਿਸੇ ਵੀ ਮੁਲਾਜ਼ਮ ਨੂੰ ਇਸ ਗੱਲ ਦੀ ਭਿੰਨਕ ਨਹੀਂ ਪਈ ਕਿ ਬਾਥਰੂਮ ਦਾ ਦਰਵਾਜ਼ਾ ਬੰਦ ਕਿਉਂ ਹੈ, ਜਦੋਂ ਸਵੇਰ ਸਮੇਂ ਬਾਥਰੂਮ ਨੇੜਿਉਂ ਬਦਬੂ ਆਉਣ ਲੱਗੀ ਤਾਂ ਉਸ ਸਮੇਂ ਸਮੂਹ ਸਟਾਫ਼ ਨੂੰ ਹੱਥਾਂ ਪੈਰਾਂ ਦੀ ਪੈ ਗਈ। ਹੁਣ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਸਫ਼ਾਈ ਸੇਵਕ ਗੁਰਦੀਪ ਸਿੰਘ ਦੀ ਮੌਤ ਕਿਵੇਂ ਹੋਈ ਹੈ।