ਮੌੜ ਮੰਡੀ, 9 ਜੁਲਾਈ (ਗੁਰਜੀਤ ਸਿੰਘ ਕਮਾਲੂ)- ਬੀਤੇ ਦਿਨ ਪਿੰਡ ਘੁੰਮਣ ਕਲਾਂ ਦੇ ਇਕ ਨੌਜਵਾਨ ਰਜਿੰਦਰ ਸਿੰਘ ਦਾ ਕਤਲ ਹੋ ਗਿਆ ਸੀ ਜਿਸ ਨੂੰ ਲੈ ਕੇ ਮੌੜ ਪੁਲਿਸ ਵਲੋਂ ਪਿੰਡ ਦੇ ਹੀ ਕੁਝ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ। ਪ੍ਰੰਤੂ ਕਿਸੇ ਵੀ ਆਰੋਪੀ ਨੂੰ ਅਜੇ ਤੱਕ ਫੜਨ ਵਿਚ ਕਾਮਯਾਬ ਨਹੀਂ ਹੋਈ ਸੀ, ਜਿਸ ਨੂੰ ਲੈ ਕੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਅਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਥਾਣਾ ਮੌੜ ਅੱਗੇ ਧਰਨਾ ਲਗਾਇਆ ਅਤੇ ਮੌੜ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਕੰਦਰ ਸਿੰਘ, ਕਰਮਜੀਤ ਸਿੰਘ, ਮਿੱਠੂ ਸਿੰਘ ਕਾਹਨੇਕੇ ਸ਼੍ਰੋਮਣੀ ਕਮੇਟੀ ਮੈਂਬਰ ਆਦਿ ਨੇ ਦੱਸਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਵਿਅਕਤੀਆਂ ਵਲੋਂ ਪਹਿਲਾਂ ਵੀ ਰਜਿੰਦਰ ਸਿੰਘ ਨਾਲ ਕੁੱਟਮਾਰ ਕੀਤੀ ਸੀ। ਜਿਸ ਸਬੰਧੀ 30 ਜੂਨ ਨੂੰ ਥਾਣਾ ਮੌੜ ਵਿਖੇ ਦਰਖਾਸਤ ਵੀ ਦਿੱਤੀ ਗਈ ਸੀ। ਮ੍ਰਿਤਕ ਵਲੋਂ ਕਾਰਵਾਈ ਲਈ ਵਾਰ ਵਾਰ ਮੌੜ ਪੁਲਿਸ ਕੋਲ ਗੁਹਾਰ ਵੀ ਲਗਾਈ ਗਈ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਪ੍ਰੰਤੂ ਪੁਲਿਸ ਨੇ ਇਸ ਮਾਮਲੇ ਵਿਚ ਕੋਈ ਵੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਪਹਿਲਾਂ ਤੋਂ ਹੀ ਨਾਮਜ਼ਦ ਵਿਅਕਤੀਆਂ ਦੀ ਮੱਦਦ ਕਰ ਰਿਹਾ ਹੈ ਅਤੇ ਹੁਣ ਵੀ ਉਹ ਸਾਰੇ ਵਿਅਕਤੀ ਪਿੰਡ ਵਿਚ ਹੀ ਹਨ ਪ੍ਰੰਤੂ ਪੁਲਿਸ ਨੂੰ ਉਨ੍ਹਾਂ ਨੂੰ ਨਹੀਂ ਫੜ੍ਹ ਰਹੀ। ਜਿਸ ਕਾਰਨ ਪਿੰਡ ਵਾਸੀਆਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਵਿਚ ਪੁਲਿਸ ਪ੍ਰਸ਼ਾਸਨ ਮਾਮਲੇ ਵਿਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕਰਦਾ ਉਦੋਂ ਤੱਕ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ਉਪਰੰਤ ਧਰਨਾਕਾਰੀਆਂ ਨੇ ਮੌੜ ਦੀਆਂ ਸੜਕਾਂ ਉਪਰ ਰੋਸ ਮਾਰਚ ਕੱਢਿਆ ਅਤੇ ਇਹ ਐਲਾਨ ਕੀਤਾ ਕਿ ਜੇਕਰ ਮਾਮਲੇ ਵਿਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਅਤੇ ਉਚ ਅਧਿਕਾਰੀਆਂ ਨੇ ਥਾਣਾ ਮੌੜ ਦੀ ਪੁਲਿਸ ਖਿਲਾਫ਼ ਵਿਭਾਗੀ ਕਾਰਵਾਈ ਨਾ ਕੀਤੀ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਕਿਸਾਨ ਯੂਨੀਅਨ ਉਗਰਾਹਾਂ ਦੇ ਭੋਲਾ ਸਿੰਘ, ਚਰਨਜੀਤ ਸਿੰਘ, ਮੰਦਰ ਸਿੰਘ, ਬਲਾਕ ਆਗੂ ਸਿਕੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਰਾਜਾ ਸਿੰਘ, ਅਮਰਪ੍ਰੀਤ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਜਗਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਜੁਗਰਾਜ ਸਿੰਘ ਸੁੱਖਾ ਸਿੰਘ ਵਾਲਾ, ਹਰਦੇਵ ਸਿੰਘ ਕੁੱਬੇ, ਜ਼ਿਲ੍ਹਾ ਆਗੂ ਕਰਮਜੀਤ ਸਿੰਘ ਧਾਲੀਵਾਲ, ਪ੍ਰਦੀਪ ਸਿੰਘ ਸੋਨੀ ਬਾਵਾ, ਪਰਮਪ੍ਰੀਤ ਸਿੰਘ ਮਾਨਸਾ, ਗੁਰਜੰਟ ਸਿੰਘ, ਨਵਦੀਪ ਸਿੰਘ ਨਵੀ, ਬਿੰਦਰ ਸਿੰਘ ਭਾਈ ਬਖਤੌਰ, ਦਰਸ਼ਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਅਤੇ ਪਿੰਡ ਵਾਸੀ ਹਾਜ਼ਰ ਸਨ।
ਘੁੰਮਣ ਕਲਾਂ ਦੇ ਨੌਜਵਾਨ ਰਜਿੰਦਰ ਸਿੰਘ ਦੇ ਕਤਲ ’ਚ ਨਾਮਜ਼ਦ ਵਿਅਕਤੀਆਂ ਨੂੰ ਫੜਨ ਲਈ ਪਿੰਡ ਵਾਸੀਆਂ ਨੇ ਲਗਾਇਆ ਥਾਣਾ ਮੌੜ ਅੱਗੇ ਧਰਨਾ
ਅਜੀਤ ਡੈਸਕ
10-07-2026