ਸਰੀਰ ਨੂੰ ਡੀਕਾਟਸ ਕਰਨਾ ਸਿਹਤਮੰਦ ਰਹਿਣ ਦਾ ਨਵਾਂ ਤਰੀਕਾ ਹੈ। ਜ਼ਿਆਦਾਤਰ ਲੋਕ ਖਾਣ ਦੀ ਮਸਤੀ ਵਿਚ ਭੁੱਲ ਜਾਂਦੇ ਹਨ ਕਿ ਇਨ੍ਹਾਂ ਸਭ ਦਾ ਸਾਡੇ ਸਰੀਰ, ਲਿਵਰ ਅਤੇ ਪਾਚਨਤੰਤਰ 'ਤੇ ਕੀ ਪ੍ਰਭਾਵ ਪਵੇਗਾ। ਜੋ ਲੋਕ ਸਿਹਤ ਦੇ ਪ੍ਰਤੀ ਜਾਗਰੂਕ ਹਨ, ਉਹ ਸ਼ੁਰੂ ਤੋਂ ਹੀ ਖਾਣ-ਪੀਣ ਦਾ ਧਿਆਨ ਰੱਖਦੇ ਹਨ। ਜੇਕਰ ਕਦੀ ਉਨ੍ਹਾਂ ਦਾ ਨਿਯਮ ਟੁੱਟ ਜਾਵੇ ਤਾਂ ਆਪਣੇ-ਆਪ ਨੂੰ ਡੀਕਾਟਸ ਕਰ ਕੇ ਆਪਣੀ ਸਿਹਤ ਦਾ ਧਿਆਨ ਰੱਖਦੇ ਹਨ। ਡੀਟਾਕਸ ਕਰਨ ਲਈ ਕਿਸੇ ਸੈਂਟਰ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਘਰ 'ਤੇ ਰਹਿ ਕੇ ਵੀ ਕਰ ਸਕਦੇ ਹੋ, ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ:
ਵਰਤ ਰੱਖੋ : ਸਿਹਤ ਲਈ ਪੁਰਾਣਾ ਤਰੀਕਾ ਹੈ ਵਰਤ ਰੱਖਣਾ। ਹਫ਼ਤੇ-ਦਸ ਦਿਨ ਵਿਚ ਇਕ ਦਿਨ ਜੇਕਰ ਤੁਸੀਂ ਵਰਤ ਰੱਖ ਸਕਦੇ ਹੋ ਤਾਂ ਬਹੁਤ ਚੰਗਾ ਹੈ। ਵਰਤ ਰੱਖਦੇ ਹੋਏ ਕੋਸ਼ਿਸ਼ ਕਰੋ ਉਸ ਦਿਨ ਫਲ, ਸਲਾਦ, ਜੂਸ, ਲੱਸੀ ਆਦਿ ਹੀ ਲਓ। ਜੇਕਰ ਉਸ ਦਿਨ ਤਲਿਆ ਹੋਇਆ ਖਾਣਾ ਇਕ ਸਮੇਂ ਵੀ ਖਾਂਦੇ ਹੋ ਤਾਂ ਲਾਭ ਨਹੀਂ ਮਿਲੇਗਾ। ਦਿਨ ਭਰ ਤੁਸੀਂ ਫਲ, ਸਲਾਦ, ਜੂਸ, ਲੱਸੀ, ਨਿੰਬੂ, ਸ਼ਹਿਦ ਪਾਣੀ 'ਤੇ ਹੋ ਤਾਂ ਸ਼ਾਮ 5-6 ਵਜੇ ਰੋਟੀ ਕਿਸੇ ਹਰੀ ਸਬਜ਼ੀ ਨਾਲ ਲੈ ਸਕਦੇ ਹੋ। ਸਬਜ਼ੀ ਵਿਚ ਤੇਲ ਦੀ ਮਾਤਰਾ ਬਹੁਤ ਹੀ ਘੱਟ ਹੋਵੇ ਅਤੇ ਮਸਾਲੇ ਨਾ ਪਾਏ ਹੋਣ ਤਾਂ ਵੀ ਠੀਕ ਰਹੇਗਾ। ਇਹ ਡੀਕਾਟਸ ਦਾ ਪੁਰਾਣਾ ਅਜ਼ਮਾਇਆ ਨੁਸਖਾ ਹੈ।
ਛੇਤੀ ਸੌਂਵੋ, ਛੇਤੀ ਉੱਠੋ : ਮੈਟਰੋ, ਰੈਟਰੋ ਸਿਟੀਜ਼ ਦਾ ਫੰਡਾ ਹੈ ਰਾਤ ਦੇਰ ਤੱਕ ਜਾਗਣਾ ਅਤੇ ਸਵੇਰੇ ਦੇਰ ਨਾਲ ਉੱਠਣਾ। ਇਹ ਆਦਤ ਵੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਹਾਜ਼ਮਾ ਤੰਤਰ ਲਈ ਵੀ ਠੀਕ ਨਹੀਂ ਹੈ। ਜੇਕਰ ਅਸੀਂ ਰਾਤ ਨੂੰ ਖਾਣਾ ਸੌਣ ਤੋਂ 3 ਘੰਟੇ ਪਹਿਲਾਂ ਖਾ ਲਈਏ ਤਾਂ ਸਾਡਾ ਖਾਣਾ ਹਜ਼ਮ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਰਾਤ ਨੂੰ ਨੀਂਦ ਵੀ ਚੰਗੀ ਆਉਂਦੀ ਹੈ, ਸਵੇਰੇ ਛੇਤੀ ਉੱਠ ਹੋ ਜਾਂਦਾ ਹੈ ਅਤੇ ਸਰੀਰ ਚੁਸਤ ਰਹਿੰਦਾ ਹੈ। ਇਸ ਲਈ ਸਰੀਰ ਦੀ ਚੰਗੀ ਸਿਹਤ ਲਈ ਛੇਤੀ ਸੌਣਾ ਅਤੇ ਛੇਤੀ ਉੱਠਣਾ ਇਕ ਚੰਗਾ ਨਿਯਮ ਹੈ।
ਹਰੀਆਂ ਸਬਜ਼ੀਆਂ ਦੀ ਵਰਤੋਂ : ਹਰੀਆਂ ਸਬਜ਼ੀਆਂ ਸਿਹਤ ਲਈ ਚੰਗੀਆਂ ਹੁੰਦੀਆਂ ਹਨ, ਕਿਉਂਕਿ ਇਨ੍ਹਾਂ ਵਿਚ ਫਾਈਬਰ, ਆਇਰਨ ਅਤੇ ਵਿਟਾਮਿਨਜ਼ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਸਾਡਾ ਵਜ਼ਨ ਘੱਟ ਕਰਨ ਵਿਚ ਸਾਡੀ ਮਦਦ ਕਰਦੇ ਹਨ।
ਹਰੀਆਂ ਸਬਜ਼ੀਆਂ ਵਿਚ ਫਾਈਟੋਕੈਮੀਕਲਜ਼ ਹੁੰਦੇ ਹਨ, ਜੋ ਸਾਡੇ ਸਰੀਰ ਦੇ ਹਾਜ਼ਮਾਤੰਤਰ ਅਤੇ ਲੀਵਰ ਨੂੰ ਸਹੀ ਰੱਖਣ ਦਾ ਕੰਮ ਕਰਦੇ ਹਨ।
ਪਾਣੀ ਦੀ ਕਮੀ ਨਾ ਹੋਣ ਦਿਓ : ਜੇਕਰ ਸਰੀਰ ਵਿਚ ਇਕ ਵਾਰ ਵੀ ਕਿਸੇ ਕਾਰਨ ਡੀਹਾਈਡ੍ਰੇਸ਼ਨ ਦੀ ਸਮੱਸਿਆ ਆ ਜਾਵੇ ਤਾਂ ਸਰੀਰ ਤੋਂ ਕਿੰਨੇ ਹੀ ਪੌਸ਼ਟਿਕ ਤੱਤ ਘੱਟ ਹੋ ਜਾਂਦੇ ਹਨ ਅਤੇ ਚਮੜੀ ਦੀ ਚਮਕ ਘੱਟ ਹੋ ਜਾਂਦੀ ਹੈ। ਦਿਨ ਭਰ ਵਿਚ ਚਾਹੇ ਸਰਦੀ ਹੋਵੇ ਜਾਂ ਗਰਮੀ, 8 ਤੋਂ 10 ਗਿਲਾਸ ਪਾਣੀ ਜ਼ਰੂਰ ਪੀਓ। ਇਸ ਤੋਂ ਇਲਾਵਾ ਖੀਰਾ, ਟਮਾਟਰ, ਮੂਲੀ, ਹਦਵਾਣਾ, ਖਰਬੂਜ਼ਾ ਮੌਸਮ ਅਨੁਸਾਰ ਲੈਂਦੇ ਰਹੋ। ਇਨ੍ਹਾਂ ਵਿਚ ਪਾਣੀ ਤੋਂ ਇਲਾਵਾ ਕਈ ਵਿਟਾਮਿਨਜ਼ ਵੀ ਹੁੰਦੇ ਹਨ, ਜੋ ਸਰੀਰ ਦੀ ਧੁਲਾਈ ਕਰਨ ਵਿਚ ਮਦਦ ਕਰਦੇ ਹਨ। ਜਦੋਂ ਵੀ ਤੁਸੀਂ ਇਨ੍ਹਾਂ ਦੀ ਵਰਤੋਂ ਜ਼ਿਆਦਾ ਕਰੋ ਤਾਂ ਉਸ ਦਿਨ ਡੱਬਾਬੰਦ ਭੋਜਨ ਪਦਾਰਥ ਨਾ ਖਾਓ। ਫਲੈਵਰਡ ਅਤੇ ਮੋਨੋਸਾਡੀਅਮ ਗਲੂਟਾਮੇਟ ਸਰੀਰ ਦੀ ਸਫ਼ਾਈ ਦੀ ਪ੍ਰਕਿਰਿਆ ਵਿਚ ਰੁਕਾਵਟ ਪਾਉਂਦੇ ਹਨ। ਇਨ੍ਹਾਂ ਤੋਂ ਬਚ ਕੇ ਰਹੋ।
ਜੂਸ ਅਤੇ ਹਰਬਲ ਚਾਹ ਪੀਓ : ਕੈਫੀਨ ਵਾਲੇ ਪੀਣ ਵਾਲੇ ਪਦਾਰਥ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਨ੍ਹਾਂ ਦੀ ਥਾਂ 'ਤੇ ਤਾਜ਼ੇ ਫਲਾਂ ਤੇ ਸਬਜ਼ੀਆਂ ਦਾ ਰਸ ਬਿਨਾਂ ਛਾਣੇ ਪੀਓ। ਇਸ ਨਾਲ ਸਰੀਰ ਨੂੰ ਵਿਟਾਮਿਨਜ਼ ਦੇ ਨਾਲ ਰੇਸ਼ਾ ਵੀ ਮਿਲੇਗਾ। ਰੇਸ਼ਾ ਪੇਟ ਦੀ ਸਫ਼ਾਈ ਲਈ ਲਾਭਕਾਰੀ ਹੁੰਦਾ ਹੈ ਅਤੇ ਜੂਸ ਨਾਲ ਸਰੀਰ ਨੂੰ ਕਈ ਵਿਟਾਮਿਨਜ਼ ਮਿਲਦੇ ਹਨ। ਚਾਹ ਕਾਫ਼ੀ ਦੀ ਥਾਂ 'ਤੇ ਗ੍ਰੀਨ ਟੀ ਲਓ। ਇਹ ਸਰੀਰ ਨੂੰ ਡੀਟਾਕਸੀਫਾਈ ਕਰਨ ਦਾ ਕੰਮ ਕਰਦੇ ਹਨ। ਗ੍ਰੀਨ ਟੀ ਵਿਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾ ਕੇ ਲੈ ਸਕਦੇ ਹੋ।
ਮਾਲਿਸ਼ ਕਰਵਾਓ : ਜੇਕਰ ਤੁਸੀਂ ਸਰੀਰ ਸ਼ੁੱਧੀ ਵਾਲੀ ਖੁਰਾਕ ਲੈ ਰਹੇ ਹੋ ਤਾਂ ਇਸ ਦੇ ਨਾਲ ਸਰੀਰ ਦੀ ਤੇਲ ਦੀ ਮਾਲਿਸ਼ ਵੀ ਕਰਵਾਓ, ਇਸ ਨਾਲ ਦੁੱਗਣਾ ਲਾਭ ਹੋਵੇਗਾ। ਮਾਲਿਸ਼ ਲਈ ਆਪਣੇ ਸਾਥੀ ਦੀ ਮਦਦ ਲਓ। ਮਾਲਿਸ਼ ਤੁਸੀਂ ਜੈਤੂਨ, ਨਾਰੀਅਲ, ਲਵੈਂਡਰ ਤੇਲ ਨਾਲ ਕਰ ਸਕਦੇ ਹੋ। ਸਿਰ, ਗਰਦਨ, ਹੱਥਾਂ-ਪੈਰਾਂ, ਮੋਢਿਆਂ ਦੀ ਮਾਲਿਸ਼ ਕਰੋ। ਇਸ ਨਾਲ ਤਣਾਅ ਵੀ ਦੂਰ ਹੋਵੇਗਾ ਅਤੇ ਚੁਸਤੀ ਵੀ ਸਰੀਰ ਵਿਚ ਵਧੇਗੀ। ਇਸ ਤੋਂ ਬਾਅਦ ਕੋਸੇ ਪਾਣੀ ਨਾਲ ਇਸ਼ਨਾਨ ਕਰਨਾ ਨਾ ਭੁੱਲੋ।
ਕਸਰਤ ਕਰੋ : ਕਸਰਤ ਵੀ ਸਰੀਰ ਨੂੰ ਡੀਟਾਕਸ ਕਰਨ ਵਿਚ ਮਦਦ ਕਰਦੀ ਹੈ। ਕਸਰਤ ਨਾਲ ਪਸੀਨਾ ਆਉਂਦਾ ਹੈ, ਜਿਸ ਨਾਲ ਸਰੀਰ ਦੀ ਅੰਦਰੂਨੀ ਸ਼ੁੱਧੀ ਹੁੰਦੀ ਹੈ ਅਤੇ ਸਰੀਰ ਵਿਚ ਆਕਸੀਜਨ ਦੀ ਮਾਤਰਾ ਦੀ ਖਪਤ ਵੀ ਵਧਦੀ ਹੈ। ਕਸਰਤ ਵਿਚ ਦੌੜਨਾ, ਜਾਗਿੰਗ, ਐਰੋਬਿਕਸ, ਜਿੰਮ ਜਾਣਾ, ਯੋਗਾ ਆਸਣ, ਪ੍ਰਾਣਾਯਾਮ ਕਰ ਸਕਦੇ ਹੈ। ਯੋਗਾ ਆਸਣ ਅਤੇ ਪ੍ਰਾਣਾਯਾਮ ਕਰਨ ਦੇ ਬਾਅਦ ਤੁਸੀਂ ਖ਼ੁਦ ਨੂੰ ਤਰੋਤਾਜ਼ਾ ਮਹਿਸੂਸ ਕਰੋਗੇ।
ਡੀਕਾਟਸ ਕਰੋ ਖ਼ੁਦ ਨੂੰ
ਅਜੀਤ ਡੈਸਕ
10-07-2026