ਅੱਜ ਦੇ ਵਾਤਵਰਨ ਵਿਚ ਹਰੇਕ ਵਿਅਕਤੀ ਆਪਣੇ ਵਿਚਾਰਾਂ ਨੂੰ ਸਭ ਤੋਂ ਉੱਪਰ ਮੰਨਦਾ ਹੈ। ਨਤੀਜੇ ਵਜੋਂ ਉਹ ਉਮੀਦ ਕਰਦਾ ਹੈ ਕਿ ਹਰੇਕ ਵਿਅਕਤੀ ਉਸ ਦੇ ਵਿਚਾਰਾਂ ਨਾਲ ਸਹਿਮਤ ਹੋਵੇ। ਕਿਸੇ ਕੰਮ ਦੀ ਇੱਛਾ ਜਾਂ ਵਿਚਾਰਾਂ ਦੇ ਪ੍ਰਤੀਕੂਲ ਹੋਣ 'ਤੇ ਹਰ ਵਿਅਕਤੀ ਗੁੱਸੇ ਵਿਚ ਆ ਜਾਂਦਾ ਹੈ। ਕਿੰਨੀ ਵਾਰ ਗ਼ਲਤਫ਼ਹਿਮੀ ਜਾਂ ਹਾਸਾ-ਮਜ਼ਾਕ ਵਿਚ ਅਚਾਨਕ ਗੁੱਸਾ ਆ ਜਾਂਦਾ ਹੈ।
ਅਸਲ ਵਿਚ ਗੁੱਸਾ ਆਉਣ ਵਿਚ 'ਮੂਡ' ਦੀ ਅਹਿਮ ਭੂਮਿਕਾ ਰਹਿੰਦੀ ਹੈ। ਜਿਥੇ ਕਦੀ-ਕਦੀ ਛੋਟੀ-ਛੋਟੀ ਗੱਲ 'ਤੇ ਗੁੱਸਾ ਆ ਜਾਂਦਾ ਹੈ, ਉਥੇ ਵੱਡੀ ਤੋਂ ਵੱਡੀ ਗੱਲ ਵੀ ਨਜ਼ਰਅੰਦਾਜ਼ ਹੋ ਜਾਇਆ ਕਰਦੀ ਹੈ। ਕਦੀ-ਕਦੀ ਗੁੱਸਾ ਕਿਸੇ 'ਤੇ ਆਉਂਦਾ ਹੈ ਅਤੇ ਉੱਤਰ ਕਿਸੇ ਹੋਰ 'ਤੇ ਜਾਂਦਾ ਹੈ।
ਕੁਝ ਵਿਅਕਤੀ ਗੁੱਸਾ ਪੀ ਜਾਂਦੇ ਹਨ ਤੇ ਕੁਝ ਬੋਲ ਕੇ ਪ੍ਰਗਟ ਕਰਦੇ ਹਨ। ਗੁੱਸੇ ਵਿਚ ਕੁਝ ਲੋਕਾਂ ਦਾ ਸਰੀਰ ਥਰ-ਥਰ ਕੰਬਣ ਲਗਦਾ ਹੈ। ਕੁਝ ਲੋਕ ਗਾਲੀ-ਗਲੋਚ ਜਾਂ ਮਾਰਨ-ਕੁੱਟਣ ਨਾਲ ਇਸ ਦਾ ਪ੍ਰਗਟਾਵਾ ਕਰਦੇ ਹਨ। ਕਈ ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਹਨ ਜੋ ਗੁੱਸੇ ਵਿਚ ਰੁੱਸ ਕੇ ਚੁੱਪਚਾਪ ਬੈਠ ਜਾਂਦੇ ਹਨ ਜਾਂ ਭੋਜਨ ਆਦਿ ਦਾ ਤਿਆਗ ਕਰ ਦਿੰਦੇ ਹਨ।
ਅਸਲ ਵਿਚ ਗੁੱਸਾ ਪੀਣਾ ਸਹੀ ਨਹੀਂ ਹੈ। ਇਸ ਤਰ੍ਹਾਂ ਕਰਨ ਨਾਲ ਅੰਦਰ ਹੀ ਅੰਦਰ ਗੁਬਾਰ ਪੈਦਾ ਹੋਣ ਲਗਦਾ ਹੈ ਜੋ ਮਾਨਸਿਕ ਨੁਕਸ ਪੈਦਾ ਕਰਦਾ ਹੈ। ਗੁੱਸੇ ਦੇ ਆਵੇਗ ਨਾਲ ਬਲੱਡ ਪ੍ਰੈੱਸ਼ਰ ਵਿਚ ਵਾਧਾ ਹੋਣ ਨਾਲ ਦਿਲ ਦੀ ਧੜਕਣ ਵਿਚ ਵੀ ਵਾਧਾ ਹੁੰਦਾ ਹੈ। ਇਸ ਸਮੇਂ ਹਮੇਸ਼ਾ ਵਿਅਕਤੀ ਦਾ ਮਨ ਦੁਖੀ ਹੋ ਜਾਇਆ ਕਰਦਾ ਹੈ। ਸਰੀਰ ਵਿਚ ਥਕਾਵਟ ਮਹਿਸੂਸ ਹੁੰਦੀ ਹੈ, ਨਤੀਜੇ ਵਜੋਂ ਕਿਸੇ ਵੀ ਕੰਮ ਵਿਚ ਮਨ ਨਹੀਂ ਲਗਦਾ।
ਜਿਸ ਗੁੱਸੇ ਕਰਕੇ ਆਪਣੇ ਪਰਾਏ ਹੋ ਜਾਇਆ ਕਰਦੇ ਹਨ ਅਤੇ ਆਪਣੀ ਸਿਹਤ ਦਾ ਨੁਕਸਾਨ ਹੋਵੇ ਅਤੇ ਆਪਸ ਵਿਚਾਲੇ ਕੌੜਾਪਨ ਪੈਦਾ ਹੋ ਜਾਵੇ ਤਾਂ ਕੀ ਉਸ ਗੁੱਸੇ ਨੂੰ ਛੱਡਿਆ ਨਹੀਂ ਜਾ ਸਕਦਾ? 'ਗੁੱਸੇ' ਤੋਂ ਮੁਕਤੀ ਲਈ ਲਗਾਤਾਰ ਅਭਿਆਸ ਰਾਹੀਂ ਹੇਠ ਲਿਖੇ ਬਿੰਦੂਆਂ 'ਤੇ ਸ਼ਾਂਤ ਭਾਵ ਨਾਲ ਚਿੰਤਨ-ਮਨਨ ਕਰਨ ਬਾਅਦ ਵਿਹਾਰਕ ਰੂਪ ਦੀ ਰੋਜ਼ਮਰ੍ਹਾ ਦੇ ਜੀਵਨ ਵਿਚ ਪਾਲਣਾ ਕਰਨੀ ਚਾਹੀਦੀ ਹੈ।
ਆਪਣੇ ਮਨ ਅਤੇ ਭਾਵਾਂ ਨੂੰ ਹਮੇਸ਼ਾ ਲਗਾਤਾਰ ਅਭਿਆਸ ਨਾਲ ਸ਼ਾਂਤ ਰੱਖੋ। ਜਿਥੇ ਸ਼ਾਂਤੀ ਦਾ ਵਾਸ ਹੁੰਦਾ ਹੈ, ਉਥੇ ਗੁੱਸਾ ਹਮੇਸ਼ਾ ਲਈ ਗ਼ਾਇਬ ਹੋ ਜਾਂਦਾ ਹੈ।
ਇਕ ਚੁੱਪ ਸੌ ਸੁੱਖ ਬੋਲਣ ਵਾਲਿਆਂ ਨੂੰ ਹਰਾਉਂਦੀ ਹੈ। ਜੇਕਰ ਕਿਸੇ ਨੂੰ ਗੁੱਸਾ ਆਵੇ ਅਤੇ ਤੁਸੀਂ ਚੁੱਪਚਾਪ ਰਹੋ ਤਾਂ ਉਹ ਹੀ ਸ਼ਾਂਤ ਹੋ ਜਾਵੇਗਾ।
ਛੋਟੇ-ਵੱਡੇ ਦਾ ਧਿਆਨ ਰੱਖਦੇ ਹੋਏ ਸਭ ਨਾਲ ਸਨਮਾਨਜਕ ਵਿਹਾਰ ਕਰਨਾ ਚਾਹੀਦਾ ਹੈ। ਕਦੀ ਕਿਸੇ ਨੂੰ ਅਪਮਾਨਿਤ ਕਰਨਾ ਸਹੀ ਨਹੀਂ ਹੁੰਦਾ ਹੈ।
ਗੁੱਸੇ ਨੂੰ ਕਿਸੇ ਵੀ ਸਥਿਤੀ ਵਿਚ ਲੰਮਾ ਖਿੱਚਣਾ ਸਹੀ ਨਹੀਂ। ਜੇਕਰ ਆਪਣੀ ਬੁੱਧੀ ਕੰਮ ਨਾ ਕਰੇ ਤਾਂ ਕਿਸੇ ਗੂੜ੍ਹੇ ਮਿੱਤਰ ਅਤੇ ਵਿਸ਼ਵਾਸਯੋਗ ਵਿਅਕਤੀ ਸਾਹਮਣੇ ਸੰਪੂਰਨ ਸਮੱਸਿਆ ਦਾ ਬਿਆਨ ਕਰ ਕੇ ਹੱਲ ਕਰਨਾ ਚਾਹੀਦਾ ਹੈ।
ਜਦੋਂ ਵੀ ਗੁੱਸਾ ਦਾ ਆਵੇਗ ਗ਼ਲਤਫ਼ਹਿਮੀ ਜਾਂ ਸ਼ੱਕ ਕਾਰਨ ਪੈਦਾ ਹੁੰਦਾ ਹੈ। ਗੁੱਸਾ ਆਉਣ ਤੋਂ ਪੁਹਲਾਂ ਗ਼ਲਤਫ਼ਹਿਮੀ ਜਾਂ ਸ਼ੱਕ ਨੂੰ ਤੁਰੰਤ ਖ਼ਤਮ ਕਰਨਾ ਚਾਹੀਦਾ ਹੈ।
ਹਾਸੇ-ਮਜ਼ਾਕ ਵਿਚ ਵੀ ਅਪਸ਼ਬਦਾਂ ਦੀ ਵਰਤੋਂ ਉਦੋਂ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਵੀ ਇਸ ਤਰ੍ਹਾਂ ਦੀ ਸਥਿਤੀ ਨੂੰ ਸਹਿਣ ਕਰਨ ਦੀ ਤਾਕਤ ਰੱਖਦੇ ਹੋਵੋ।
ਮਿੱਠੇ ਬੋਲਾਂ ਨਾਲ ਆਪਣੇ ਕੱਟੜ ਦੁਸ਼ਮਣ ਨੂੰ ਵੀ ਮਿੱਤਰ ਅਤੇ ਕੌੜੇ ਵਚਨਾਂ ਨਾਲ ਗੂੜ੍ਹੇ ਮਿੱਤਰਾਂ ਨੂੰ ਵੀ ਦੁਸ਼ਮਣ ਬਣਾਇਆ ਜਾ ਸਕਦਾ ਹੈ, ਅਖੀਰ ਆਪਣੀ ਗੱਲਬਾਤ ਵਿਚ ਕੌੜੇ ਵਚਨਾਂ ਦੀ ਵਰਤੋਂ ਬਿਲਕੁਲ ਨਾ ਕਰੋ।
ਇਹ ਹਮੇਸ਼ਾ ਆਪਣੇ ਦਿਲ-ਦਿਮਾਗ਼ ਵਿਚ ਰੱਖੋ ਕਿ ਨਾ ਤਾਂ ਸੰਸਾਰ ਵਿਚ ਸਭ ਵਿਅਕਤੀ ਸਾਡੀਆਂ ਇੱਛਾਵਾਂ ਅਨੁਸਾਰ ਚੱਲਣਗੇ ਅਤੇ ਨਾ ਹੀ ਸਭ ਕੰਮ ਸਾਡੀ ਇੱਛਾ ਅਨੁਸਾਰ ਹੀ ਹੋਣਗੇ। ਜਦੋਂ ਹਾਲਾਤ ਇਸ ਤਰ੍ਹਾਂ ਦੇ ਹੋਣ ਤਾਂ ਫਿਰ ਗੁੱਸਾ ਕਿਸ ਗੱਲ ਦਾ। ਤੁਸੀਂ ਜਿਸ ਤਰ੍ਹਾਂ ਦਾ ਵਿਹਾਰ ਆਪਣੇ ਨਾਲ ਚਾਹੁੰਦੇ ਹੋ, ਉਸੇ ਤਰ੍ਹਾਂ ਦਾ ਹੀ ਵਿਹਾਰ ਦੂਜਿਆਂ ਨਾਲ ਕਰੋ ਤਾਂ ਯਕੀਨੀ ਤੌਰ 'ਤੇ ਗੁੱਸਾ ਪੈਦਾ ਹੋਣ ਦੀ ਸਥਿਤੀ ਨਹੀਂ ਆਵੇਗੀ।
ਵਰਤਮਾਨ ਵਿਚ ਜੀਣ ਦੀ ਕੋਸ਼ਿਸ਼ ਕਰਦੇ ਹੋਏ ਜੀਵਨ ਨੂੰ ਅਤਿ ਛੋਟਾ ਸਮਝੋ ਜਿਸ ਤੋਂ ਗੁੱਸੇ ਦੀ ਹਾਲਤ ਪੈਦਾ ਹੀ ਨਹੀਂ ਹੋਵੇਗੀ।
ਗੁੱਸਾ ਕੁਝ ਪਲਾਂ ਦਾ ਹੁੰਦਾ ਹੈ, ਜੇਕਰ ਉਸ ਪਲ ਨੂੰ ਤੁਸੀਂ ਸ਼ਾਂਤ ਭਾਵ ਨਾਲ ਕਿਸੇ ਤਰ੍ਹਾਂ ਨਜ਼ਰਅੰਦਾਜ਼ ਕਰ ਦਿਉ ਤਾਂ ਯਕੀਨੀ ਤੌਰ 'ਤੇ ਗੁੱਸੇ ਦੇ ਆਵੇਗ ਤੋਂ ਬਚਿਆ ਜਾ ਸਕੇਗਾ।
ਇਹ ਜ਼ਰੂਰੀ ਨਹੀਂ ਕਿ ਜੋ ਵਿਅਕਤੀ ਉੱਚ ਸਿੱਖਿਆ ਹਾਸਿਲ ਕਰਨ ਵਾਲਾ ਹੋਵੇ, ਉਹ ਸਮਾਜਿਕ ਵਿਹਾਰ ਜਾਂ ਬੋਲਚਾਲ ਵਿਚ ਵੀ ਪੂਰੀ ਤਰ੍ਹਾਂ ਸਹੀ ਹੋਵੇ। ਕਿਸੇ ਵਿਅਕਤੀ ਦੇ ਮਾੜੇ ਵਿਹਾਰ ਜਾਂ ਵਚਨਾਂ ਤੋਂ ਆਪਣਾ ਮਾਨਸਿਕ ਸੰਤੁਲਨ ਗਵਾ ਕੇ ਗੁੱਸੇ ਹੋਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ।
ਗੁੱਸੇ 'ਤੇ ਇਸ ਤਰ੍ਹਾਂ ਪਾਓ ਕਾਬੂ
ਅਜੀਤ ਡੈਸਕ
03-07-2026