ਇਕ ਗਿਲਾਸ ਪਾਣੀ ਵਿਚ ਇਕ ਨਿੰਬੂ ਦਾ ਰਸ ਮਿਲਾ ਕੇ ਸਵੇਰੇ ਕੁਰਲਾ ਕਰਨ ਨਾਲ ਮੂੰਹ ਦੀ ਦੁਰਗੰਧ ਦੂਰ ਹੁੰਦੀ ਹੈ। ਇਸ ਦੀ ਵਰਤੋਂ ਕੁਝ ਦਿਨ ਤੱਕ ਲਗਾਤਾਰ ਕਰੋ। ਜੇਕਰ ਮੂੰਹ ਤੋਂ ਬਦਬੂ ਮਸੂੜਿਆਂ ਵਿਚ ਦਰਦ ਕਾਰਨ ਹੋਵੇ ਤਾਂ ਹਲਦੀ ਦੇ ਟੁਕੜੇ ਨੂੰ ਚੂਸਣ ਨਾਲ ਬਦਬੂ ਘੱਟ ਹੁੰਦੀ ਹੈ।
ਭੋਜਨ ਕਰਨ ਤੋਂ ਬਾਅਦ ਚਾਰ ਪੱਤੀਆਂ ਤੁਲਸੀ ਦੀਆਂ ਚਬਾਉਣ ਨਾਲ ਵੀ ਬਦਬੂ ਦੂਰ ਹੁੰਦੀ ਹੈ। ਦੰਦਾਂ ਵਿਚ ਪਾਇਰੀਆ ਹੋਣ 'ਤੇ ਦੰਦਾਂ ਦੇ ਡਾਕਟਰ ਤੋਂ ਇਲਾਜ ਕਰਵਾਓ ਅਤੇ ਮੂੰਹ 'ਚੋਂ ਆਉਣ ਵਾਲੀ ਬਦਬੂ ਨੂੰ ਦੂਰ ਕਰਨ ਲਈ ਭੋਜਨ ਤੋਂ ਬਾਅਦ ਨਮਕ ਅਤੇ ਫਿਟਕਾਰੀ ਨਾਲ ਦੰਦਾਂ ਦੀ ਮਾਲਿਸ਼ ਕਰੋ। ਲਾਭ ਹੋਵੇਗਾ।
ਦੋਵੇਂ ਸਮੇਂ ਭੋਜਨ ਤੋਂ ਬਾਅਦ ਇਕ ਲੌਂਗ ਮੂੰਹ ਵਿਚ ਰੱਖ ਕੇ ਚੂਸਣ ਨਾਲ ਮੂੰਹ ਦੀ ਬਦਬੂ ਘੱਟ ਹੋ ਜਾਂਦੀ ਹੈ।
ਮਸੂੜਿਆਂ ਵਿਚ ਸੋਜ਼ ਹੋਣ 'ਤੇ ਜਾਂ ਦੰਦਾਂ ਵਿਚ ਸੜਨ ਹੋਣ 'ਤੇ ਮੂੰਹ ਵਿਚ ਪੈਦਾ ਹੋਣ ਵਾਲੀ ਬਦਬੂ ਨੂੰ ਦੂਰ ਕਰਨ ਲਈ ਇਕ ਕੱਪ ਕੋਸੇ ਪਾਣੀ ਵਿਚ ਇਕ ਚਮਚ ਅਦਰਕ ਦਾ ਰਸ ਅਤੇ ਥੋੜ੍ਹਾ ਨਮਕ ਮਿਲਾ ਕੇ ਉਸ ਪਾਣੀ ਨੂੰ ਮੂੰਹ ਵਿਚ ਰੱਖ ਕੇ ਉਸ ਨੂੰ ਪੀ ਲਓ। ਹੌਲੀ-ਹੌਲੀ ਇਸ ਤਰ੍ਹਾਂ ਕਰੋ ਜਦੋਂ ਤੱਕ ਪਾਣੀ ਖ਼ਤਮ ਨਾ ਹੋ ਜਾਵੇ।
ਦੋਵੇਂ ਸਮੇਂ ਦੇ ਭੋਜਨ ਤੋਂ ਬਾਅਦ ਅੱਧਾ ਚਮਚ ਸੌਂਫ ਚਬਾ-ਚਬਾ ਕੇ ਖਾਣ ਨਾਲ ਵੀ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ। ਇਸ ਨਾਲ ਗਲੇ ਦੀ ਖੁਸ਼ਕੀ ਵੀ ਦੂਰ ਹੁੰਦੀ ਹੈ।
ਗਰਮੀਆਂ ਵਿਚ ਹਰਾ ਤਾਜ਼ਾ ਪੁਦੀਨਾ ਪਾਣੀ ਵਿਚ ਉਬਾਲ ਕੇ ਛਾਣ ਲਓ। ਕੋਸੇ ਪਾਣੀ ਨਾਲ ਕੁਰਲਾ ਕਰਨ ਨਾਲ ਵੀ ਆਰਾਮ ਮਿਲਦਾ ਹੈ। ਇਸੇ ਤਰ੍ਹਾਂ ਮੇਥੀ ਨੂੰ ਪਾਣੀ ਵਿਚ ਉਬਾਲ ਕੇ ਠੰਢਾ ਕਰਕੇ ਛਾਣ ਲਓ ਅਤੇ ਕੋਸੇ ਪਾਣੀ ਨਾਲ ਕੁਰਲਾ ਕਰੋ। ਮਸੂੜਿਆਂ ਦੀ ਸੋਜ਼ ਵੀ ਦੂਰ ਹੋਵੇਗੀ ਅਤੇ ਬਦਬੂ ਵੀ।
ਸਵੇਰੇ ਨਿੰਮ ਦੀ ਦਾਤਣ ਲਗਾਤਾਰ ਕਰਨ ਨਾਲ ਅਤੇ ਰਾਤ ਨੂੰ ਨਮਕ ਵਾਲੇ ਪਾਣੀ ਨਾਲ ਗਰਾਰੇ ਕਰਨ ਨਾਲ ਬਦਬੂ ਦੂਰ ਹੁੰਦੀ ਹੈ ਅਤੇ ਦੰਦ ਵੀ ਸਿਹਤਮੰਦ ਰਹਿੰਦੇ ਹਨ।
ਰਾਤ ਨੂੰ ਚੰਗੇ ਦੰਦ ਮੰਜਨ ਜਾਂ ਟੁੱਥਪੇਸਟ ਨਾਲ ਦੰਦ ਸਾਫ਼ ਕਰੋ ਅਤੇ ਸਵੇਰੇ ਬਰੁਸ਼ ਕਰਨ ਤੋਂ ਬਾਅਦ ਟਮਾਟਰ ਕੱਟ ਕੇ ਉਸ 'ਤੇ ਹਲਕਾ ਸੇਂਧਾ ਨਮਕ ਛਿੜਕ ਕੇ ਖਾਣ ਨਾਲ ਵੀ ਬਦਬੂ ਦੂਰ ਹੁੰਦੀ ਹੈ।
ਜਿਨ੍ਹੀਂ ਦਿਨੀਂ ਮੂੰਹ ਤੋਂ ਜ਼ਿਆਦਾ ਬਦਬੂ ਆਵੇ, ਉਨ੍ਹੀਂ ਦਿਨੀਂ ਨਿੰਮ ਦੀਆਂ ਪੱਤੀਆਂ ਨੂੰ ਉਬਾਲ ਕੇ ਦਿਨ ਵਿਚ ਚਾਰ ਵਾਰ ਕੁਰਲਾ ਕਰੋ। ਇਸ ਨਾਲ ਦੰਦਾਂ ਦੀ ਗੰਦਗੀ ਵੀ ਸਾਫ਼ ਹੁੰਦੀ ਹੈ ਅਤੇ ਬਦਬੂ ਵੀ ਦੂਰ ਹੁੰਦੀ ਹੈ।
ਸੌਖਾ ਹੈ ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾਉਣਾ
ਅਜੀਤ ਡੈਸਕ
10-07-2026