ਕੁਦਰਤ ਨੇ ਸਾਨੂੰ ਜਿੰਨੇ ਤਰ੍ਹਾਂ ਦੇ ਤੋਹਫ਼ਿਆਂ ਨਾਲ ਨਿਵਾਜਿਆ ਹੈ, ਉਨ੍ਹਾਂ ਵਿਚ ਅੱਖਾਂ ਦੀ ਥਾਂ ਸਭ ਤੋਂ ਉੱਪਰ ਹੈ। ਅੱਖਾਂ ਨਾਲ ਅਸੀਂ ਜੀਵਨ ਦੇ ਵੱਖ-ਵੱਖ ਰੰਗ, ਰੂਪ ਤੇ ਛਟਾਵਾਂ ਦੇਖਦੇ ਹਾਂ। ਅੱਖਾਂ ਦੀ ਨਿਰੰਤਰ ਸੁੰਦਰਤਾ ਤੇ ਰੌਸ਼ਨੀ ਨੂੰ ਬਣਾਈ ਰੱਖਣ ਲਈ ਉਨ੍ਹਾਂ ਦੀ ਦੇਖਭਾਲ ਕਰਨੀ ਅਤਿ ਜ਼ਰੂਰੀ ਹੈ।
ਅੱਖਾਂ ਦੀ ਅਣਦੇਖੀ ਨਾਲ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਘੱਟ ਰੌਸ਼ਨੀ ਵਿਚ ਕੰਮ ਕਰਨ, ਗ਼ਲਤ ਢੰਗ ਨਾਲ ਕਿਤਾਬ ਪੜ੍ਹਨ, ਅੱਖਾਂ ਥੱਕੀਆਂ ਹੋਣ 'ਤੇ ਵੀ ਉਨ੍ਹਾਂ ਤੋਂ ਜ਼ਬਰਦਸਤੀ ਕੰਮ ਲੈਣ, ਅੱਖਾਂ ਨੂੰ ਸੁਰੱਖਿਅਤ ਰੱਖਣ ਵਾਲੀ ਖੁਰਾਕ ਨਾ ਲੈਣ, ਅੱਖਾਂ ਦੀ ਜਾਂਚ ਨਾ ਕਰਾਉਣ, ਅੱਖਾਂ ਦੀ ਕਿਸੇ ਵੀ ਅਸਹੂਲਤ ਤੇ ਪ੍ਰੇਸ਼ਾਨੀ ਵੱਲ ਧਿਆਨ ਨਾ ਦੇਣ ਆਦਿ ਅਨੇਕ ਕਾਰਨਾਂ ਕਰਕੇ ਅੱਖਾਂ ਸੰਬੰਧੀ ਪ੍ਰੇਸ਼ਾਨੀਆਂ ਜਨਮ ਲੈਂਦੀਆਂ ਹਨ।
ਸਾਡੀਆਂ ਅੱਖਾਂ ਸਿਹਤਮੰਦ ਰਹਿਣ, ਇਸ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ :-
ਅੱਖਾਂ ਨੂੰ ਕੁਦਰਤੀ ਠੰਢਕ ਪਸੰਦ ਹੈ। ਸਵੇਰੇ ਉੱਠਦਿਆਂ ਹੀ ਸਾਫ਼, ਨਿਰਮਲ ਅਤੇ ਠੰਢੇ ਪਾਣੀ ਨਾਲ ਅੱਖਾਂ 'ਤੇ ਛਿੱਟੇ ਮਾਰੋ। ਇਸ ਦੌਰਾਨ ਪਲਕਾਂ ਨੂੰ ਨਾ ਝਪਕਾਓ।
ਅੱਖਾਂ ਨੂੰ ਧੂੜ ਅਤੇ ਗੰਦਗੀ ਤੋਂ ਬਚਾਉਣ ਲਈ ਹਫ਼ਤੇ ਵਿਚ ਦੋ ਵਾਰ ਨਹਾਉਣ ਵਿਚਾਲੇ ਇਕ ਬਾਲਟੀ ਪਾਣੀ ਵਿਚ ਸਿਰ ਡੁਬੋ ਕੇ ਉਸ ਵਿਚ ਅੱਖਾਂ ਨੂੰ ਖੋਲ੍ਹ ਕੇ ਇਧਰ-ਉਧਰ ਘੁਮਾਓ। ਦੋ-ਚਾਰ ਵਾਰ ਇਸ ਤਰ੍ਹਾਂ ਕਰਨ ਨਾਲ ਅੱਖਾਂ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀਆਂ ਹਨ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਆਕਾਸ਼ ਦੇ ਨੀਲੇ ਰੰਗਾਂ ਤੇ ਰਾਤ ਨੂੰ ਚੰਦਰਮਾ ਤੇ ਤਾਰਿਆਂ ਨੂੰ ਦੇਖਣ ਨਾਲ ਅੱਖਾਂ ਨੂੰ ਠੰਢਕ ਤੇ ਆਰਾਮ ਮਿਲਦਾ ਹੈ।
ਹਰਿਆਲੀ ਵੱਲ ਦੇਖਣ ਨਾਲ ਵੀ ਅੱਖਾਂ 'ਤੇ ਚੰਗਾ ਪ੍ਰਭਾਵ ਪੈਂਦਾ ਹੈ, ਨੰਗੇ ਪੈਰ ਸਵੇਰੇ-ਸਵੇਰੇ ਤਰੇਲ ਵਾਲੇ ਘਾਹ 'ਤੇ ਤੁਰੋ।
ਅੱਖਾਂ ਨੂੰ ਪੂੰਝਦੇ ਸਮੇਂ ਗੰਦੇ ਰੁਮਾਲ ਜਾਂ ਤੌਲੀਏ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਬੱਚਿਆਂ ਨੂੰ ਗੰਦੇ ਹੱਥਾਂ ਨਾਲ ਕਾਜਲ ਨਹੀਂ ਲਗਾਉਣਾ ਚਾਹੀਦਾ। ਇਸ ਨਾਲ ਸੰਕ੍ਰਮਣ ਦੀ ਸੰਭਾਵਨਾ ਰਹਿੰਦੀ ਹੈ।
ਤੇਜ਼ ਰੌਸ਼ਨੀ ਤੋਂ ਬਚਣ ਲਈ ਰੰਗੀਨ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਪਰ ਇਸ ਗੱਲ ਦਾ ਪੂਰਾ ਧਿਆਨ ਰੱਖੋ ਕਿ ਐਨਕ ਚੰਗੀ ਕਿਸਮ ਦੀ ਹੋਵੇ ਕਿਉਂਕਿ ਘਟੀਆ ਐਨਕ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਰਾਤ ਨੂੰ ਪੜ੍ਹਦੇ ਸਮੇਂ ਰੌਸ਼ਨੀ ਦਾ ਸਹੀ ਪ੍ਰਬੰਧ ਹੋਣਾ ਚਾਹੀਦਾ ਹੈ। ਵਿਸ਼ੇਸ਼ ਤੌਰ 'ਤੇ ਪੜ੍ਹਦੇ ਸਮੇਂ ਰੌਸ਼ਨੀ ਪਿੱਠ ਦੇ ਪਿੱਛੇ ਤੋਂ ਨਾ ਆ ਕੇ ਸਾਹਮਣੇ ਜਾਂ ਤਿਰਛੇ ਪਾਸੇ ਤੋਂ ਆਉਣੀ ਚਾਹੀਦੀ ਹੈ, ਜਿਸ ਨਾਲ ਤੁਹਾਡਾ ਪਰਛਾਵਾਂ ਪੁਸਤਕ 'ਤੇ ਨਾ ਪਵੇ। ਮੇਜ਼ ਲੈਂਪ ਦੀ ਵਰਤੋਂ ਸਹੀ ਹੈ। ਪੁਸਤਕ ਲੰਮੇ ਪੈ ਕੇ, ਟੇਢੀ ਰੱਖ ਕੇ ਜਾਂ ਗਰਦਨ ਨੂੰ ਟੇਢਾ ਕਰਕੇ ਨਹੀਂ ਪੜ੍ਹਨੀ ਚਾਹੀਦੀ। ਝੁਕ ਕੇ ਪੜ੍ਹਨਾ ਵੀ ਗ਼ਲਤ ਹੈ।
ਲਗਾਤਾਰ ਪੜ੍ਹਨਾ ਵੀ ਅੱਖਾਂ ਲਈ ਹਾਨੀਕਾਰਕ ਹੈ, ਵਿਚ-ਵਿਚਾਲੇ ਆਰਾਮ ਜ਼ਰੂਰੀ ਹੈ। ਜੇਕਰ ਕਾਫ਼ੀ ਦੇਰ ਤੱਕ ਅੱਖਾਂ 'ਤੇ ਜ਼ੋਰ ਪਾਉਣ ਵਾਲਾ ਕੰਮ ਕੀਤਾ ਹੋਵੇ ਤਾਂ ਕੁਝ ਦੇਰ ਅੱਖਾਂ ਬੰਦ ਕਰਕੇ ਸ਼ਾਂਤੀ ਨਾਲ ਬੈਠਣਾ ਚਾਹੀਦਾ ਹੈ। ਇਸ ਨਾਲ ਅੱਖਾਂ ਨੂੰ ਆਰਾਮ ਮਿਲਦਾ ਹੈ।
ਜੇਕਰ ਅੱਖਾਂ ਥੱਕੀਆਂ-ਥੱਕੀਆਂ ਜਿਹੀਆਂ ਲੱਗ ਰਹੀਆਂ ਹੋਣ ਤਾਂ ਗੁਲਾਬ ਜਲ ਵਿਚ ਰੂੰ ਭਿਉਂ ਕੇ ਅੱਖਾਂ 'ਤੇ ਰੱਖਣ ਨਾਲ ਰਾਹਤ ਮਿਲਦੀ ਹੈ ਅਤੇ ਤਾਜ਼ਗੀ ਮਹਿਸੂਸ ਹੁੰਦੀ ਹੈ।
ਦੂਜੇ ਵਿਅਕਤੀ ਦੀ ਐਨਕ ਦੀ ਵਰਤੋਂ ਨਾਲ ਵੀ ਅੱਖਾਂ ਨੂੰ ਹਾਨੀ ਪਹੁੰਚ ਸਕਦੀ ਹੈ, ਐਨਕ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰੋ।
ਹਰ ਛੇ ਮਹੀਨੇ ਬਾਅਦ ਆਪਣੀਆਂ ਅੱਖਾਂ ਦੀ ਜਾਂਚ ਜ਼ਰੂਰ ਕਰਾਉਣੀ ਚਾਹੀਦੀ ਹੈ।
ਭੋਜਨ ਪ੍ਰਤੀ ਜਾਗਰੂਕਤਾ ਜ਼ਰੂਰੀ ਹੈ। ਭੋਜਨ ਵਿਚ ਵਿਟਾਮਿਨ 'ਏ' ਵਾਲੇ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਵੇਂ ਦੁੱਧ, ਘਿਓ, ਟਮਾਟਰ, ਗਾਜਰ, ਹਰੀਆਂ ਸਬਜ਼ੀਆਂ, ਪਪੀਤਾ ਆਦਿ।
ਅੱਖਾਂ ਦੀਆਂ ਕੁਝ ਕਸਰਤਾਂ ਵੀ ਹਨ ਜਿਨ੍ਹਾਂ ਵਿਚ ਇਨ੍ਹਾਂ ਦੀ ਕਿਰਿਆਸ਼ੀਲਤਾ ਤੇ ਤਾਜ਼ਗੀ ਬਣੀ ਰਹਿੰਦੀ ਹੈ। ਯੋਗਾ ਅਭਿਆਸ ਵਿਚ ਤ੍ਰਾਟਕ, ਧਿਆਨ ਆਦਿ ਨਾਲ ਵੀ ਅੱਖਾਂ ਨੂੰ ਲਾਭ ਹੁੰਦਾ ਹੈ।
ਇਸ ਤਰ੍ਹਾਂ ਜੇਕਰ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਅਸੀਂ ਛੋਟੀਆਂ-ਛੋਟੀਆਂ ਗੱਲਾਂ ਧਿਆਨ 'ਚ ਰੱਖੀਏ ਤਾਂ ਸਾਡੀਆਂ ਅੱਖਾਂ ਹਮੇਸ਼ਾ ਸਾਡਾ ਸਾਥ ਨਿਭਾਉਣਗੀਆਂ।
ਅੱਖਾਂ ਕੁਦਰਤ ਦਾ ਅਨਮੋਲ ਤੋਹਫ਼ਾ
ਅਜੀਤ ਡੈਸਕ
03-07-2026