ਨਵੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਦੇਸ਼ਾਂ ਵਿਚ ਸੋਇਆਬੀਨ ਅਤੇ ਹੋਰ ਸੋਇਆ ਸੋਇਆਬੀਨ ਤੋਂ ਬਣੇ ਪਦਾਰਥਾਂ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ, ਉਥੇ ਦਿਲ ਦੇ ਰੋਗੀਆਂ ਦੀ ਗਿਣਤੀ ਕਾਫ਼ੀ ਘੱਟ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ ਕਾਰਨ ਹੈ ਕਿ ਸੋਇਆ ਭੋਜਨ ਕੋਲੈਸਟ੍ਰੋਲ ਰਹਿਤ ਹੁੰਦੇ ਹਨ।
ਹਾਲ ਹੀ ਵਿਚ ਕੀਤੀ ਗਈ ਇਕ ਹੋਰ ਖੋਜ ਤੋਂ ਵੀ ਇਹ ਸਾਹਮਣੇ ਆਇਆ ਹੈ ਕਿ ਹਰ ਰੋਜ਼ ਦੋ ਗਿਲਾਸ ਸੋਇਆ ਦੁੱਧ ਦੀ ਵਰਤੋਂ ਕਰਨਾ ਬੁਰੇ ਕੋਲੈਸਟ੍ਰੋਲ ਦੇ ਪੱਧਰ ਨੂੰ 25 ਫ਼ੀਸਦੀ ਘੱਟ ਕਰਦਾ ਹੈ। ਇਸ ਲਈ ਭਾਰਤ ਵਿਚ ਜਿਥੇ ਦਿਲ ਦੇ ਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਉਥੇ ਸੋਇਆ ਉਤਪਾਦਾਂ ਦਾ ਜ਼ਿਆਦਾ ਵਰਤੋਂ ਜ਼ਰੂਰੀ ਹੈ।
ਖੋਜਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸੋਇਆ ਉਤਪਾਦਾਂ ਦੀ ਵਰਤੋਂ ਕਈ ਤਰ੍ਹਾਂ ਦੇ ਕੈਂਸਰ ਵਿਸ਼ੇਸ਼ ਕਰਕੇ ਔਰਤਾਂ ਦੇ ਛਾਤੀ ਤੇ ਮਰਦਾਂ ਦੇ ਪ੍ਰੋਸਟੈਟ ਕੈਂਸਰ ਦੀ ਸੰਭਾਵਨਾ ਨੂੰ ਵੀ ਘੱਟ ਕਰਦੀ ਹੈ। ਸੋਇਆ ਉਤਪਾਦਾਂ ਵਿਚ ਪਾਏ ਜਾਣ ਵਾਲੇ ਆਈਫਲੇਵਾਨ ਤੇ ਫਾਈਟੋਏਸਟ੍ਰੋਜਨ ਇਸ ਦਾ ਕਾਰਨ ਹੈ। ਸੋਇਆ ਉਤਪਾਦਾਂ ਦੀ ਜ਼ਿਆਦਾ ਵਰਤੋਂ ਔਰਤਾਂ ਦੇ ਛਾਤੀ ਦੇ ਕੈਂਸਰ ਦੀ ਸੰਭਾਵਨਾ ਨੂੰ 50 ਫ਼ੀਸਦੀ ਘੱਟ ਕਰਦੀ ਹੈ।
ਵਧਦੀ ਉਮਰ ਵਿਚ ਤੇ ਮਰਦਾਂ ਵਿਚ ਓਸਟੀਓਪੋਰੋਸਿਸ ਰੋਗ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਕੈਲਸ਼ੀਅਮ ਤੇ ਹੋਰ ਖਣਿਜਾਂ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਸੋਇਆ ਪ੍ਰੋਟੀਨ ਦੀ ਜ਼ਿਆਦਾ ਵਰਤੋਂ ਹੱਡੀਆਂ ਨੂੰ ਖੁਰਨ ਤੋਂ ਬਚਾਉਂਦੀ ਹੈ। ਸੋਇਆ ਪ੍ਰੋਟੀਨ ਵਿਚ ਸਭ ਅਮੀਨੋ ਐਸਿਡ ਮੌਜੂਦ ਹੁੰਦੇ ਹਨ। ਸੋਇਆ ਆਇਰਨ, ਜ਼ਿੰਕ, ਮੈਗਨੀਸ਼ਨੀਅਮ, ਵਿਟਾਮਿਨ-ਬੀ ਦਾ ਚੰਗਾ ਸਰੋਤ ਹੈ, ਇਸ ਲਈ ਇਸ ਦੀ ਵਰਤੋਂ ਚੰਗੀ ਸਿਹਤ ਲਈ ਜ਼ਰੂਰੀ ਹੈ।
ਸੋਇਆ ਇਕ ਸੰਤੁਲਿਤ ਭੋਜਨ
ਅਜੀਤ ਡੈਸਕ
03-07-2026