ਫਿੱਟ ਰਹਿਣ ਦੀ ਚਾਹਤ ਤਾਂ ਸਭ ਨੂੰ ਹੁੰਦੀ ਹੈ ਪਰ ਧਿਆਨ ਸਭ ਨਹੀਂ ਰੱਖ ਸਕਦੇ। ਬਹੁਤ ਸਾਰੇ ਲੋਕ ਸਮਝਦੇ ਹਨ ਕਿ ਪਤਲੇ ਹੀ ਫਿੱਟ ਰਹਿ ਸਕਦੇ ਹਨ। ਇਸ ਭਰਮ ਵਿਚ ਉਹ ਖਾਣਾ-ਪੀਣਾ ਏਨਾ ਘੱਟ ਕਰ ਦਿੰਦੇ ਹਨ ਕਿ ਕੁਝ ਹੀ ਦਿਨਾਂ ਵਿਚ ਉਹ ਢਿੱਲੇ, ਸੁਸਤ ਅਤੇ ਕਮਜ਼ੋਰ ਪੈ ਜਾਂਦੇ ਹਨ, ਜੋ ਕਿ ਸਿਹਤ ਦੇ ਪੱਖ ਤੋਂ ਸਹੀ ਨਹੀਂ ਹੈ। ਬਹੁਤ ਸਾਰੇ ਲੋਕ ਮੋਟੇ ਹੋਣ 'ਤੇ ਵੀ ਖ਼ੁਦ ਨੂੰ ਫਿੱਟ ਮਹਿਸੂਸ ਕਰਦੇ ਹਨ ਕਿਉਂਕਿ ਉਹ ਪੌਸ਼ਟਿਕ ਭੋਜਨ ਖਾਂਦੇ ਹਨ ਅਤੇ ਕਸਰਤ ਵੀ ਕਰਦੇ ਹਨ। ਮੋਟੇ ਉਹ ਇਸ ਲਈ ਹੁੰਦੇ ਹਨ ਕਿ ਉਹ ਕਸਰਤ ਸ਼ਾਇਦ ਜ਼ਰੂਰਤ ਤੋਂ ਘੱਟ ਕਰਦੇ ਹਨ, ਪਰ ਭੋਜਨ ਦਾ ਸੰਤੁਲਨ ਹਮੇਸ਼ਾ ਬਣਾ ਕੇ ਰੱਖਦੇ ਹਨ। ਇਸ ਲਈ ਤੁਸੀਂ ਵੀ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਧਿਆਨ ਦਿਉ ਕੁਝ ਗੱਲਾਂ 'ਤੇ :
ਫਿੱਟ ਰਹਿਣ ਲਈ 3 ਵਾਰ ਭੋਜਨ ਦੀ ਥਾਂ 'ਤੇ 5 ਜਾਂ 6 ਵਾਰ ਥੋੜ੍ਹਾ-ਥੋੜ੍ਹਾ ਭੋਜਨ ਲੈਣਾ ਚਾਹੀਦਾ ਹੈ।
ਖਾਣਾ ਆਰਾਮ ਨਾਲ ਤਸੱਲੀ ਨਾਲ ਚਬਾ ਕੇ ਖਾਓ ਤਾਂ ਕਿ ਖਾਣੇ ਦੀ ਪੂਰੀ ਸੰਤੁਸ਼ਟੀ ਹੋਵੇ। ਜੇਕਰ ਤੁਸੀਂ ਚਬਾ ਕੇ ਤਸੱਲੀ ਨਾਲ ਖਾਣਾ ਖਾਓਗੇ ਤਾਂ ਘੱਟ ਖਾਣੇ ਨਾਲ ਪੇਟ ਭਰ ਜਾਵੇਗਾ।
ਆਪਣੇ ਸਰੀਰ ਦਾ ਮੈਟਾਬਾਲਿਜ਼ਮ ਸਹੀ ਰੱਖਣ ਲਈ ਨਾਸ਼ਤਾ ਜ਼ਰੂਰ ਲਓ। ਜ਼ਿਆਦਾਤਰ ਲੋਕ ਸਵੇਰ ਦੀ ਨੱਠ-ਭੱਜ ਵਿਚ ਨਾਸ਼ਤਾ ਕਰਨਾ ਭੁੱਲ ਜਾਂਦੇ ਹਨ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਫਿੱਟ ਰਹਿਣ ਲਈ ਨਾਸ਼ਤਾ ਨਾ ਕੀਤਾ ਜਾਵੇ ਤਾਂ ਬਿਹਤਰ ਹੈ। ਧਿਆਨ ਦਿਓ ਸਵੇਰ ਦਾ ਨਾਸ਼ਤਾ ਚੰਗੀ ਸਿਹਤ ਲਈ ਅਤਿ ਜ਼ਰੂਰੀ ਹੈ, ਜੋ ਦਿਨ ਭਰ ਤੁਹਾਨੂੰ ਊਰਜਾਵਾਨ ਰੱਖਦਾ ਹੈ। ਖਾਣੇ ਵਿਚ ਸਲਾਦ ਦੀ ਮਾਤਰਾ 'ਤੇ ਜ਼ਿਆਦਾ ਧਿਆਨ ਦਿਉ। ਮਿੱਠੇ ਨੂੰ ਦੂਰ ਰੱਖੋ। ਵਿਆਹਾਂ, ਸਮਾਰੋਹਾਂ, ਡਿਨਰ, ਪਾਰਟੀਆਂ ਵਿਚ ਮਿੱਠੇ ਦੀ ਘੱਟ ਤੋਂ ਘੱਟ ਵਰਤੋਂ ਕਰੋ। ਸਲਾਦ 'ਤੇ ਕੋਈ ਵੀ ਡ੍ਰੈਸਿੰਗ ਦੀ ਵਰਤੋਂ ਨਾ ਕਰੋ।
ਸਲਾਦ ਵਿਚ ਗਾਜਰ, ਟਮਾਟਰ, ਖੀਰਾ, ਬੰਦਗੋਭੀ ਦੀ ਵਰਤੋਂ ਕਰੋ। ਇਨ੍ਹਾਂ ਨਾਲ ਸਰੀਰ ਨੂੰ ਪੌਸ਼ਟਿਕਤਾ ਮਿਲੇਗੀ ਅਤੇ ਫੈਟਸ ਵੀ ਨਹੀਂ ਮਿਲੇਗਾ। ਦਿਨ ਵਿਚ ਇਕ ਵਾਰ ਸਬਜ਼ੀਆਂ ਦਾ ਜੂਸ ਜਾਂ ਸੂਪ ਵੀ ਪੀਓ। ਉਸ ਨਾਲ ਵੀ ਸਰੀਰ ਨੂੰ ਪੌਸ਼ਟਿਕਤਾ ਭਰਪੂਰ ਮਾਤਰਾ 'ਚ ਮਿਲਦੀ ਹੈ ਅਤੇ ਫੈਟਸ ਨਹੀਂ ਮਿਲਦੇ। ਉੱਠਣ ਤੋਂ ਦੋ ਘੰਟੇ ਦੇ ਅੰਦਰ ਕੁਝ ਨਾ ਕੁਝ ਜ਼ਰੂਰ ਖਾਓ। ਸਿੱਧਾ ਬ੍ਰੰਚ ਨਾ ਕਰੋ। ਬ੍ਰੰਚ ਸਿਹਤ ਲਈ ਸਹੀ ਨਹੀਂ ਹੈ। ਕੁਦਰਤੀ ਵਿਟਾਮਿਨ ਡੀ ਲਈ ਸਵੇਰੇ ਕੁਝ ਸਮੇਂ ਲਈ ਧੁੱਪ ਸੇਕੋ। ਸਿਹਤ ਲਈ ਵਿਟਾਮਿਨ 'ਡੀ' ਲਾਭਕਾਰੀ ਹੁੰਦਾ ਹੈ। ਪੌਸ਼ਟਿਕ ਭੋਜਨ ਦੇ ਨਾਲ ਕਸਰਤ 'ਤੇ ਵੀ ਸਹੀ ਧਿਆਨ ਦਿਓ। ਜੋ ਵੀ ਖਾਧਾ ਹੈ, ਉਸ ਨੂੰ ਹਜ਼ਮ ਕਰਨ ਲਈ ਮਾਸਪੇਸ਼ੀਆਂ ਦੀ ਮਜ਼ਬੂਤੀ ਲਈ ਕਸਰਤ ਅਤਿ ਜ਼ਰੂਰੀ ਹੈ। ਕਸਰਤ ਆਪਣੇ ਸਰੀਰ ਦੀ ਜ਼ਰੂਰਤ ਅਨੁਸਾਰ ਕਰੋ।
ਫਿੱਟ ਰਹਿਣਾ ਹੈ ਤਾਂ ਧਿਆਨ ਰੱਖਣਾ ਹੋਵੇਗਾ
ਅਜੀਤ ਡੈਸਕ
10-07-2026