ਅਕਸਰ ਲੋਕ ਆਪਣੇ ਡਾਕਟਰ ਕੋਲ ਭੁੱਖ ਨਾ ਲੱਗਣ ਦੀ ਸ਼ਿਕਾਇਤ ਕਰਦੇ ਹਨ। ਉਨ੍ਹਾਂ ਨੂੰ ਹਮੇਸ਼ਾ ਲਗਦਾ ਹੈ ਕਿ ਉਨ੍ਹਾਂ ਦਾ ਪੇਟ ਭਰਿਆ-ਭਰਿਆ ਹੈ ਅਤੇ ਉਹ ਕੁਝ ਵੀ ਖਾ ਨਹੀਂ ਪਾਉਂਦੇ। ਦੁਪਹਿਰ ਦਾ ਭੋਜਨ ਤਾਂ ਛਕਦੇ ਹੀ ਨਹੀਂ ਹਨ, ਘਰ ਤੋਂ ਨਿਕਲਦੇ ਸਮੇਂ ਨਾਸ਼ਤਾ ਵੀ ਨਹੀਂ ਕਰਦੇ। ਪੂਰਾ ਦਿਨ ਪੀਣ ਵਾਲੇ ਪਦਾਰਥਾਂ ਨਾਲ ਬਿਤਾਉਂਦੇ ਹਨ ਅਤੇ ਦੇਰ ਰਾਤ ਨੂੰ ਘਰ ਆਉਂਦੇ ਹਨ ਤਾਂ ਉਹ ਕੁਝ ਵੀ ਖਾ ਕੇ ਸੌਂ ਜਾਂਦੇ ਹਨ।
ਦਿਨ ਭਰ ਭੁੱਖਾ ਰਹਿਣ ਨਾਲ ਸਰੀਰ ਵਿਚ ਊਰਜਾ ਵੀ ਬਰਕਰਾਰ ਨਹੀਂ ਰਹਿੰਦੀ। ਸੋ, ਸਵੇਰੇ ਸੈਰ ਲਈ ਵੀ ਨਹੀਂ ਜਾ ਪਾਉਂਦੇ। ਇਹ ਹਾਜ਼ਮਾਤੰਤਰ ਨੂੰ ਵੀ ਧੀਮਾ ਬਣਾ ਦਿੰਦਾ ਹੈ ਅਤੇ ਉਨ੍ਹਾਂ ਦਾ ਵਜ਼ਨ ਵਧਣ ਲਗਦਾ ਹੈ, ਜਦ ਕਿ ਤੁਹਾਨੂੰ ਲਗਦਾ ਹੈ ਕਿ ਤੁਸੀਂ ਕੁਝ ਵੀ ਨਹੀਂ ਖਾ ਰਹੇ।
ਇਸ ਤਰ੍ਹਾਂ ਦੇ ਲੋਕਾਂ ਲਈ ਜ਼ਰੂਰੀ ਹੈ ਕਿ ਉਹ ਹਲਕਾ ਤੇ ਛੇਤੀ ਹਜ਼ਮ ਹੋਣ ਵਾਲਾ ਖਾਣ, ਜੋ ਉਨ੍ਹਾਂ ਨੂੰ ਊਰਜਾ ਪ੍ਰਦਾਨ ਕਰਨ ਵਿਚ ਵੀ ਸਹਾਇਕ ਹੋਵੇ। ਆਓ, ਜਾਣਦੇ ਹਾਂ ਕੁਝ ਛੇਤੀ ਹਜ਼ਮ ਵਾਲੇ ਤੇ ਊਰਜਾਵਾਨ ਭੋਜਨ ਬਾਰੇ :
ਪ੍ਰੋਟੀਨ ਸਲਾਦ : ਇਸ ਵਿਚ ਤੁਸੀਂ ਪਨੀਰ ਜਾਂ ਸੋਇਆ ਦੇ ਦਾਣੇ ਲਓ ਅਤੇ ਇਨ੍ਹਾਂ ਵਿਚ ਕੁਝ ਕੱਟੀਆਂ ਹੋਈਆਂ ਸਬਜ਼ੀਆਂ ਜਿਵੇਂ ਟਮਾਟਰ, ਖੀਰਾ ਮਿਲਾਓ। ਇਸ ਵਿਚ ਥੋੜ੍ਹਾ ਜਿਹਾ ਦਹੀਂ ਜਾਂ ਨਿੰਬੂ ਦਾ ਰਸ ਅਤੇ ਜੈਤੂਨ ਦਾ ਤੇਲ ਮਿਲਾਓ। ਬਾਰੀਕ ਪੀਸੀ ਹੋਈ ਕਾਲੀ ਮਿਰਚ ਤੇ ਨਮਕ ਮਿਲਾ ਕੇ ਇਸ ਦੀ ਵਰਤੋਂ ਕਰੋ। ਇਸ ਸਲਾਦ ਵਿਚ ਵੱਖ-ਵੱਖ ਤਰ੍ਹਾਂ ਦੇ ਐਂਜਾਈਮਸ ਹੁੰਦੇ ਹਨ ਜੋ ਹਾਜ਼ਮਾ ਕਿਰਿਆ ਨੂੰ ਸੁਧਾਰਨ ਵਿਚ ਸਹਾਇਕ ਸਿੱਧ ਹੋਣਗੇ। ਇਸ ਵਿਚ ਪ੍ਰੋਟੀਨ ਦੇ ਨਾਲ-ਨਾਲ ਵਿਟਾਮਿਨ ਬੀ ਕੰਪਲੈਕਸ, ਆਇਰਨ ਅਤੇ ਵਿਟਾਮਿਨ ਸੀ ਵੀ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ।
ਛੋਲਿਆਂ ਦਾ ਸੱਤੂ : ਇਸ ਵਿਚ ਠੰਢਕ ਪ੍ਰਦਾਨ ਕਰਨ ਦੇ ਗੁਣ ਹੁੰਦੇ ਹਨ। ਇਹ ਸ਼ੂਗਰ ਅਤੇ ਦਿਲ ਦੇ ਰੋਗੀਆਂ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਨਾਲ ਹੀ, ਜੋ ਲੋਕ ਆਪਣੇ ਵਜ਼ਨ ਪ੍ਰਤੀ ਸੁਚੇਤ ਹੁੰਦੇ ਹਨ, ਉਨ੍ਹਾਂ ਲਈ ਵੀ ਇਹ ਲਾਭਕਾਰੀ ਹੈ। ਇਸ ਨੂੰ ਤਿਆਰ ਕਰਨਾ ਬੇਹੱਦ ਸੌਖਾ ਹੈ। ਇਸ ਨੂੰ ਪੈਕੇਟ ਦੇ ਰੂਪ ਵਿਚ ਬਾਜ਼ਾਰ ਤੋਂ ਕਿਸੇ ਵੀ ਕਰਿਆਨੇ ਦੀ ਦੁਕਾਨ ਤੋਂ ਖ਼ਰੀਦਿਆ ਜਾ ਸਕਦਾ ਹੈ। ਇਸ ਨੂੰ ਲੱਸੀ ਵਿਚ ਮਿਲਾਓ, ਥੋੜ੍ਹਾ ਜਿਹਾ ਭੁੱਜਿਆ ਜੀਰਾ ਪਾਓ, ਨਿੰਬੂ ਨਿਚੋੜੋ ਅਤੇ ਚੁਟਕੀ ਭਰ ਸੇਂਧਾ ਨਮਕ ਮਿਲਾ ਕੇ ਪੀਓ।
ਛੋਲਿਆਂ ਦੀ ਚਾਟ : ਇਹ ਪ੍ਰੋਟੀਨ ਭਰਪੂਰ ਹੁੰਦੀ ਹੈ। ਇਸ ਦੀ ਵਰਤੋਂ ਨਾਲ ਸੰਤੁਸ਼ਟੀ ਮਿਲਦੀ ਹੈ। ਕਾਲੇ ਛੋਲਿਆਂ ਨੂੰ ਉਬਾਲ ਕੇ ਉਨ੍ਹਾਂ ਦਾ ਪਾਣੀ ਕੱਢ ਦਿਓ ਤੇ ਉਸ ਵਿਚ ਬਾਰੀਕ ਕੱਟਿਆ ਪਿਆਜ਼, ਹਰੀ ਮਿਰਚ, ਟਮਾਟਰ ਪਾਓ।
ਫਲਾਂ ਦੀ ਚਾਟ : ਵੱਖ-ਵੱਖ ਤਰ੍ਹਾਂ ਦੇ ਫਲ ਜਿਵੇਂ ਪਪੀਤਾ, ਸੇਬ, ਅਨਾਰ, ਕੇਲਾ, ਅੰਗੂਰ, ਨਾਸ਼ਪਤੀ ਆਦਿ ਲਓ। ਇਨ੍ਹਾਂ ਸਭ ਫਲਾਂ ਨੂੰ ਵੱਖਰਾ-ਵੱਖਰਾ ਧੋ ਕੇ ਕੱਟੋ। ਅਨਾਰ ਦੇ ਦਾਣਿਆਂ ਨੂੰ ਕੱਢੋ। ਇਸ ਵਿਚ ਬਾਰੀਕ ਕੱਟਿਆ ਪਨੀਰ ਵੀ ਮਿਲਾਓ। ਥੋੜ੍ਹਾ ਜਿਹਾ ਨਮਕ, ਚਾਟ ਮਸਾਲਾ ਤੇ ਨਿੰਬੂ ਦਾ ਰਸ ਪਾਓ। ਇਹ ਤੁਹਾਨੂੰ ਤਰੋਤਾਜ਼ਾ ਰੱਖਣ ਵਿਚ ਸਹਾਇਕ ਹੋਵੇਗਾ, ਨਾਲ ਹੀ ਹਲਕਾ ਤੇ ਹਜ਼ਮ ਹੋਣ ਵਾਲਾ ਵੀ ਹੈ।
ਪੁੰਗਰੇ ਅਨਾਜ ਦੀ ਚਾਟ : ਸਾਬਤ ਮੋਠ, ਕਾਲੇ ਛੋਲੇ ਆਦਿ ਨੂੰ ਰਾਤ ਭਰ ਭਿਉਂ ਦਿਓ ਤੇ ਸਵੇਰੇ ਇਨ੍ਹਾਂ ਦਾ ਪਾਣੀ ਕੱਢ ਕੇ ਕਿਸੇ ਕੱਪੜੇ ਵਿਚ ਕੱਸ ਕੇ ਬੰਨ੍ਹ ਦਿਓ। ਗਰਮੀਆਂ ਵਿਚ ਤਾਂ 7-8 ਘੰਟਿਆਂ ਵਿਚ ਹੀ ਇਹ ਚੰਗੀ ਤਰ੍ਹਾਂ ਪੁੰਗਰ ਪੈਂਦੇ ਹਨ ਪਰ ਸਰਦੀਆਂ ਵਿਚ ਇਨ੍ਹਾਂ ਨੂੰ ਪੁੰਗਰਨ ਵਿਚ ਥੋੜ੍ਹਾ ਜ਼ਿਆਦਾ ਸਮਾਂ ਚਾਹੀਦਾ ਹੈ। ਇਨ੍ਹਾਂ ਵਿਚ ਊਰਜਾ ਭਰਪੂਰ ਮਾਤਰਾ ਵਿਚ ਹੁੰਦੀ ਹੈ। ਨਾਲ ਹੀ ਇਹ ਵਿਟਾਮਿਨ ਸੀ, ਬੀ, ਕੰਪਲੈਕਸ, ਖਣਿਜ ਪਦਾਰਥ ਅਤੇ ਐਂਜਾਈਮ ਦਾ ਭੰਡਾਰ ਹੁੰਦੇ ਹਨ। ਇਹ ਸਰੀਰ ਵਿਚ ਬਿਨਾਂ ਚਰਬੀ ਨੂੰ ਜਮ੍ਹਾਂ ਕੀਤੇ ਊਰਜਾ ਨੂੰ ਵਧਾਉਣ ਦਾ ਕੰਮ ਕਰਦੇ ਹਨ। ਇਨ੍ਹਾਂ ਨੂੰ ਵੀ ਬਾਕੀ ਚਾਟਾਂ ਵਾਂਗ ਤਿਆਰ ਕਰਕੇ ਵਰਤੋਂ ਕਰੋ।
ਦਲੀਆ : ਕਣਕ ਦਾ ਦਲੀਆ ਸਬਜ਼ੀਆਂ ਨਾਲ ਬਣਾਇਆ ਜਾਵੇ ਤਾਂ ਇਹ ਕਾਫ਼ੀ ਊਰਜਾਵਾਨ ਬਣ ਜਾਂਦਾ ਹੈ। ਇਸ ਵਿਚ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਜਿਵੇਂ ਮਟਰ, ਫਲੀਆਂ, ਟਮਾਟਰ, ਬੰਦਗੋਭੀ, ਫੁੱਲਗੋਭੀ, ਗਾਜਰ, ਪਾਲਕ ਆਦਿ ਪਾ ਕੇ ਤਿਆਰ ਕਰ ਸਕਦੇ ਹੋ।
ਇਡਲੀ : ਇਹ ਇਕ ਸਵਾਦੀ, ਹਲਕਾ, ਹਜ਼ਮ ਹੋਣ ਵਾਲਾ ਖਾਣ ਵਾਲਾ ਪਦਾਰਥ ਹੈ। ਇਸ ਵਿਚ ਆਇਰਨ ਅਤੇ ਬੀ ਕੰਪਲੈਕਸ ਭਰਪੂਰ ਮਾਤਰਾ ਵਿਚ ਹੁੰਦੇ ਹਨ। ਬਸ਼ਰਤੇ ਇਹ ਭੂਰੇ ਚੌਲਾਂ ਤੋਂ ਤਿਆਰ ਕੀਤੇ ਗਏ ਹੋਣ।
ਬਰਸਾਤ ਦਾ ਮੌਸਮ ਤੇ ਊਰਜਾ ਵਧਾਉਣ ਵਾਲਾ ਭੋਜਨ
ਅਜੀਤ ਡੈਸਕ
10-07-2026