02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸ਼੍ਰੋਮਣੀ ਅਕਾਲੀ ਦਲ (ਬ) ਨੇ ਅਕਾਲੀ ਆਗੂ ਮਨਜੀਤ ਸਿੰਘ ਧੁੰਨਾ ਨੂੰ ਪਾਰਟੀ ’ਚੋਂ ਕੱਢਿਆ

Ad Position 21
No active advertisement
ਅਜੀਤ ਡੈਸਕ 16-07-2026

ਧੁੰਨਾ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਫੈਸਲਾ ਲਿਆ-ਮਲੂਕਾ
ਭਗਤਾ ਭਾਈਕਾ, 15 ਜੁਲਾਈ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬੀਸੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਅਤੇ ਕੌਂਸਲਰ ਮਨਜੀਤ ਸਿੰਘ ਧੁੰਨਾ ਉਪਰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੂੰ 6 ਸਾਲ ਲਈ ਪਾਰਟੀ ’ਚੋਂ ਕੱਢ ਦਿੱਤਾ ਹੈ। ਸ. ਧੁੰਨਾ ਜੋ ਕਿ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਕਰੀਬੀਆਂ ਵਿਚੋਂ ਇਕ ਪ੍ਰਮੁੱਖ ਆਗੂ ਸਨ। ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਅਣ ਵਲੋਂ ਸ. ਧੁੰਨਾ ਨੂੰ ਅਕਾਲੀ ਦਲ ਚੋ ਕੱਢਣ ਦੇ ਫ਼ੈਸਲੇ ਨੇ ਇਲਾਕੇ ਦੀ ਸਿਆਸਤ ਵਿਚ ਸਿਆਸੀ ਤਰਥੱਲੀ ਮੱਚ ਗਈ ਅਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਇਸ ਮਾਮਲੇ ਸਬੰਧੀ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਧੁੰਨਾ ਨੂੰ ਪਾਰਟੀ ਨੇ ਹਮੇਸ਼ਾ ਮਾਣ ਸਤਿਕਾਰ ਦਿੱਤਾ ਅਤੇ ਉਸ ਨੂੰ ਲਗਾਤਾਰ ਹਲਕੇ ਵਿਚ ਬੀਸੀ ਵਿੰਗ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ। ਪਾਰਟੀ ਵੱਲੋਂ ਉਸ ਨੂੰ ਬੀ.ਸੀ ਵਿੰਗ ਦੇ ਸੂਬਾਈ ਮੀਤ ਪ੍ਰਧਾਨ ਵਜੋਂ ਵੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ। ਨਗਰ ਪੰਚਾਇਤ ਚੋਣਾਂ ਦੌਰਾਨ ਧੁੰਨਾ ਨੂੰ ਜਥੇਬੰਦੀ ਦੀ ਮੱਦਦ ਨਾਲ ਕੌਂਸਲਰ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਧੁੰਨਾ ਦੇ ਖਿਲਾਫ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ ਪਰ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਹੋਣ ਕਾਰਨ ਧੁੰਨਾ ਨੂੰ ਕਈ ਮੌਕੇ ਦਿੱਤੇ ਗਏ ਪਰ ਉਹ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸਰਗਰਮ ਰਹੇ। ਮਲੂਕਾ ਨੇ ਨਗਰ ਪੰਚਾਇਤ ਚੋਣਾਂ ਦੌਰਾਨ ਵੀ ਧੁੰਨ ਉਪਰ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਦੀ ਕਥਿਤ ਤੌਰ ਤੇ ਮਦਦ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਭਗਤਾ ਭਾਈਕਾ ਦੀਆਂ ਨਗਰ ਪੰਚਾਇਤ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਕੋਲ ਸਪੱਸ਼ਟ ਬਹੁਮਤ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਰੋਕਣ ਲਈ ਮਨਜੀਤ ਸਿੰਘ ਧੁੰਨਾ ਉਪਰ ਕਾਂਗਰਸ ਤੇ ਆਪ ਨਾਲ ਕਥਿਤ ਮਿਲੀਭੁਗਤ ਕਰਕੇ ਪਾਰਟੀ ਦੇ ਪਿੱਠ ਵਿਚ ਛੁਰਾ ਮਰਨ ਦਾ ਦੋਸ਼ ਲਗਾਇਆ। ਮਲੂਕਾ ਨੇ ਕਿਹਾ ਕਿ ਭਗਤਾ ਭਾਈਕਾ ਅਤੇ ਹਲਕੇ ਦੇ ਪਿੰਡਾਂ ਵਿਚ ਆਗੂਆਂ ਤੇ ਵਰਕਰਾਂ ਦੀ ਭਾਵਨਾ ਅਨੁਸਾਰ ਹੀ ਮਨਜੀਤ ਸਿੰਘ ਧੁੰਨਾ ਖਿਲਾਫ ਕਾਰਵਾਈ ਕੀਤੀ ਗਈ ਹੈ। ਮਾਮਲੇ ਸਬੰਧੀ ਕੁਝ ਅਕਾਲੀ ਆਗੂਆਂ ਦਾ ਮੰਨਣਾ ਹੈ ਕਿ ਜਦੋਂ ਵੀ ਉਹ ਮਲੂਕਾ ਕੋਲ ਧੁੰਨਾ ਦੀ ਸ਼ਿਕਾਇਤ ਕਰਦੇ ਸਨ ਤਾ ਮਲੂਕਾ ਉਨ੍ਹਾਂ ਦੀ ਗੱਲ ਨੂੰ ਅਕਸਰ ਹੀ ਨਜ਼ਰ ਅੰਦਾਜ਼ ਕਰ ਦਿੰਦੇ ਸਨ। ਨਗਰ ਪੰਚਾਇਤ ਚੋਣਾਂ ਉਪਰੰਤ ਪ੍ਰਧਾਨਗੀ ਪਦ ਦੀ ਚੋਣ ਸਮੇਂ ਕੌਂਸਲਰ ਮਨਜੀਤ ਸਿੰਘ ਧੁੰਨਾ ਵਲੋਂ ਚੋਣਾਂ ਵਿਚ ਭਾਗ ਲੈਣ ਤੋਂ ਟਲ ਜਾਣ ਕਾਰਨ ਅਕਾਲੀ ਦਲ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਰਕੇ ਅਕਾਲੀ ਦਲ ਨੇ ਧੁੰਨਾ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ। ਧੁੰਨਾ ਸਬੰਧੀ ਫ਼ੈਸਲੇ ਦਾ ਜਿਥੇ ਵੱਡੀ ਪੱਧਰ ਲੋਕਾਂ ਵਲੋਂ ਸਲਾਹਿਆ ਜਾ ਰਿਹਾ ਹੈ, ਉਥੇ ਕੁਝ ਕੁ ਲੋਕਾਂ ਵਲੋਂ ਫ਼ੈਸਲੇ ਨੂੰ ਗਲਤ ਕਰਾਰ ਵੀ ਦਿੱਤਾ ਜਾ ਰਿਹਾ ਹੈ। ਮਨਜੀਤ ਸਿੰਘ ਧੁੰਨਾਂ ਨੂੰ ਇਲਾਕੇ ਅੰਦਰ ਬੇਹੱਦ ਤੇਜ ਤਰਾਰ ਸਮਝਿਆ ਜਾਂਦਾ ਹੈ, ਜਿਸ ਕਰਕੇ ਲੋਕਾਂ ਵਲੋਂ ਤਰ੍ਹਾਂ ਤਰ੍ਹਾਂ ਦੀ ਚਰਚਾ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਔਰਤ ਦੀ ਸੋਨੇ ਦੀ ਵਾਲੀ ਝਪਟ ਕੇ ਫਰਾਰ, ਅਣਪਛਾਤੇ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ‘ਆਪ’ ਵਲੋਂ ਸੇਵਾ ਮੁਕਤ ਐਸ.ਡੀ.ਐਮ. ਗੋਪਾਲ ਸਿੰਘ ਕੋਟਫੱਤਾ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਨਿਯੁਕਤ
Ad Position 24
No active advertisement