ਐਨ.ਆਰ.ਆਈ. ਮਿਲਣੀ ਦੌਰਾਨ ਸੱਤ ਜ਼ਿਲ੍ਹਿਆਂ ਦੇ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣੀਆਂ
ਬਠਿੰਡਾ, 26 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਦੇ ਐਨ. ਆਰ.
ਬਠਿੰਡਾ, 26 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਹੈ ਕਿ ਪੰਜਾਬੀ ਪ੍ਰਵਾਸੀਆਂ ਨਾਲ ਸੰਬੰਧਿਤ ਹਰ ਮਸਲੇ ਦਾ ਹੱਲ ਪੂਰੀ ਪਾਰਦਰਸ਼ਤਾ, ਮੈਰਿਟ ਅਤੇ ਮਿੱਥੇ ਸਮੇਂ ਅੰਦਰ ਯਕੀਨੀ ਬਣਾਇਆ ਜਾਵੇਗਾ ਤੇ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਪ੍ਰਭਾਵਸ਼ਾਲੀ ਅਤੇ ਤੁਰੰਤ ਨਿਪਟਾਰੇ ਲਈ ਲਗਾਤਾਰ ਯਤਨਸ਼ੀਲ ਹੈ। ਡਾ. ਰਵਜੋਤ ਸਿੰਘ ਅੱਜ ਬਠਿੰਡਾ ਵਿਖੇ ਕਰਵਾਈ ਗਈ ‘ਐਨ.ਆਰ.ਆਈ. ਮਿਲਣੀ-2026’ ਦੌਰਾਨ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ। ਇਸ ਮਿਲਣੀ ’ਚ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਾਜ਼ਿਲਕਾ ਤੇ ਮਾਨਸਾ ਜ਼ਿਲ੍ਹਿਆਂ ਨਾਲ ਸਬੰਧਿਤ ਵੱਡੀ ਗਿਣਤੀ ਪ੍ਰਵਾਸੀ ਪੰਜਾਬੀਆਂ ਨੇ ਹਿੱਸਾ ਲਿਆ। ਇਸ ਮੌਕੇ ਉੱਕਤ ਜ਼ਿਲ੍ਹਿਆਂ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਐਨ.ਆਰ.ਆਈ.ਮਾਮਲਿਆਂ ਦੇ ਸਕੱਤਰ ਮੁਹੰਮਦ ਤਾਇਅਬ, ਚੇਅਰਮੈਨ ਐਨ.ਆਰ.ਆਈ. ਸਭਾ ਪੰਜਾਬ ਅਤੇ ਡਿਵੀਜ਼ਨਲ ਕਮਿਸ਼ਨਰ ਜਲੰਧਰ ਰਾਮਵੀਰ, ਵਿਸ਼ੇਸ਼ ਸਕੱਤਰ ਐਨ.ਆਰ.ਆਈ. ਵਿਭਾਗ ਅਮਨਦੀਪ ਕੌਰ, ਬ੍ਰਿਟਿਸ਼ ਹਾਈ ਕਮਿਸ਼ਨਰ ਚੰਡੀਗੜ੍ਹ ਤੋਂ ਰਜਿੰਦਰ ਐਸ ਨਾਗਰਕੋਟੀ, ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਫ਼ਰੀਦਕੋਟ ਰਾਹੁਲ ਚਾਬਾ ਅਤੇ ਸੰਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਦੌਰਾਨ ਗੱਲਬਾਤ ਕਰਦਿਆਂ ਡਾ. ਰਵਜੋਤ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਆਪਣੀ ਮਿੱਟੀ, ਸੱਭਿਆਚਾਰ ਅਤੇ ਵਿਰਸੇ ਨਾਲ ਡੂੰਘਾ ਨਾਤਾ ਰੱਖਦੇ ਹਨ ਅਤੇ ਉਨ੍ਹਾਂ ਨੇ ਦੁਨੀਆਂ ਭਰ ਵਿਚ ਪੰਜਾਬ ਅਤੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਨ.ਆਰ.ਆਈ. ਨਾਲ ਸਬੰਧਿਤ ਹਰ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਸਮਾਂਬੱਧ ਢੰਗ ਨਾਲ ਸੁਣਵਾਈ ਅਤੇ ਨਿਪਟਾਰਾ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਵਲੋਂ ਮੁੱਖ ਤੌਰ ’ਤੇ ਪ੍ਰਾਪਰਟੀ ਵਿਵਾਦਾਂ, ਜ਼ਮੀਨਾਂ ’ਤੇ ਗੈਰ-ਕਾਨੂੰਨੀ ਕਬਜ਼ਿਆਂ, ਦਸਤਾਵੇਜ਼ੀ ਤਰੁੱਟੀਆਂ ਅਤੇ ਵਿਆਹੁਤਾ ਮਾਮਲਿਆਂ ਸਬੰਧੀ ਸ਼ਿਕਾਇਤਾਂ ਦਰਜ ਕਰਵਾਈਆਂ ਜਾਂਦੀਆਂ ਹਨ ਤੇ ਇਨ੍ਹਾਂ ‘ਚੋਂ ਜਿਨ੍ਹਾਂ ਦਰਖਾਸਤਾਂ ਦਾ ਨਿਪਟਾਰਾ ਲੰਬੇ ਸਮੇਂ ਤੋਂ ਲੰਬਿਤ ਹੈ ਜਾਂ ਸੁਣਵਾਈ ਦੀ ਪ੍ਰਕਿਰਿਆ ਧੀਮੀ ਹੈ, ਉਨ੍ਹਾਂ ਦੀ ਉਹ ਖ਼ੁਦ ਨਿਗਰਾਨੀ ਕਰ ਰਹੇ ਹਨ ਅਤੇ ਸਬੰਧਿਤ ਅਧਿਕਾਰੀਆਂ ਨਾਲ ਨਿਯਮਿਤ ਤੌਰ ’ਤੇ ਸਮੀਖਿਆ ਕਰਕੇ ਹੱਲ ਯਕੀਨੀ ਬਣਾ ਰਹੇ ਹਨ। ਇਸ ਮੌਕੇ ਚੇਅਰਮੈਨ ਨੀਲ ਗਰਗ, ਚੇਅਰਮੈਨ ਨਵਦੀਪ ਸਿੰਘ ਜੀਦਾ, ਚੇਅਰਮੈਨ ਪਰਮਜੀਤ ਸਿੰਘ ਕੋਟਫੱਤਾ, ਵਧੀਕ ਡਿਪਟੀ ਕਮਿਸ਼ਨਰ (ਜ) ਕੰਚਨ, ਕਮਿਸ਼ਨਰ ਨਗਰ ਨਿਗਮ ਲਵਜੀਤ ਕਲਸੀ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ, ਅਧਿਕਾਰੀ ਤੇ ਕਰਮਚਾਰੀ ਆਦਿ ਹਾਜ਼ਰ ਸਨ। ਥਾਣਾ ਐਨ . ਆਰ . ਆਈ . ਬਠਿੰਡਾ ਅਤੇ ਤਲਵੰਡੀ ਦੇ ਐਸ . ਐਚ . ਓ . ਤੇ ਡੀ . ਐਸ . ਪੀ . ਦੀ ਸ਼ਿਕਾਇਤ ਇਸ ਦੌਰਾਨ ਐਸ.ਜੀ.ਪੀ.ਸੀ. ਦੇ ਸਾਬਕਾ ਮੈਨੇਜਰ ਭਰਪੂਰ ਸਿੰਘ ਵਲੋਂ ਆਪਣੀ ਭਤੀਜੀ ਨੂੰ ਜਰਮਨ ਭੇਜਣ ਬਦਲੇ 40 ਲੱਖ ਦੀ ਠੱਗੀ ਦੇ ਮਾਮਲੇ ਸਬੰਧੀ ਕੋਈ ਸੁਣਵਾਈ ਨਾ ਹੋਣ ਅਤੇ ਉਲਟਾ ਧਮਕਾਉਣ ਦੀ ਥਾਣਾ ਐਨ.ਆਰ.ਆਈ. ਬਠਿੰਡਾ ਦੀ ਮੁਖੀ ਦੀ ਮੰਤਰੀ ਸਾਹਮਣੇ ਸ਼ਿਕਾਇਤ ਕੀਤੀ ਗਈ ਤਾਂ ਮੰਤਰੀ ਨੇ ਥਾਣਾ ਮੁਖੀ ਨੂੰ ਸੱਦ ਕੇ ਕਲਾਸ ਲਗਾਉਂਦੇ ਹੋਏ ਚੇਤਾਵਨੀ ਦਿੰਦੇ ਕਿਹਾ ਕਿ ਅੱਗੇ ਤੋਂ ਅਜਿਹਾ ਹੋਇਆ ਤਾਂ ਸਖ਼ਤ ਕਾਰਵਾਈ ਲਈ ਤਿਆਰ ਰਹੋ। ਇਸੇ ਤਰ੍ਹਾਂ ਇਕ ਪ੍ਰਵਾਸੀ ਪੰਜਾਬੀ ਵਲੋਂ ਤਲਵੰਡੀ ਸਾਬੋ ਦੇ ਥਾਣਾ ਮੁੱਖੀ ਅਤੇ ਡੀ.ਐਸ.ਪੀ. ’ਤੇ ਇਕ ਮਾਮਲੇ ’ਚ ਇਨਸਾਫ਼ ਦੇਣ ਦੀ ਬਜਾਏ ਧਮਕਾਉਣ ਦੇ ਦੋਸ਼ ਲਗਾਏ ਗਏ ਤੇ ਕਿਹਾ ਕਿ ਉਸ ਨੇ ਇਸ ਮਸਲੇ ’ਚ ਘਰ ਦੇ ਤਿੰਨ ਜੀਅ ਗਵਾ ਲਏ ਪਰ ਕੋਈ ਸੁਣਵਾਈ ਨਹੀਂ ਹੋਈ, ਜਿਸ ’ਤੇ ਮੰਤਰੀ ਨੂੰ ਸਬੰਧਿਤ ਨੂੰ ਸੱਦ ਕੇ ਕਲਾਸ ਲਗਾਈ ਤੇ ਮਸਲਾ ਛੇਤੀ ਹੱਲ ਕਰਨ ਦੀ ਹਦਾਇਤ ਕੀਤੀ।