ਈ.ਪੀ.ਕੇ. ਫਾਈਲ ਡਾਊਨਲੋਡ ਕਰਦੇ ਹੀ ਖਾਤੇ ’ਚੋਂ ਨਿਕਲੇ 2.70 ਲੱਖ ਰੁਪਏ ਵੱਟਸਐਪ ‘ ਤੇ ਭੇਜੀ ਈਪੀਕੇ ਫਾਈਲ ਖੋਲ੍ਹਣ ਮਗਰੋਂ ਮੋਬਾਈਲ ਹੋਇਆ ਹੈਕ
ਬਠਿੰਡਾ, 13 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਇਕ ਵਿਅਕਤੀ ਨਾਲ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਵਿਅਕਤੀ ਵਲੋਂ ਵਟਸਐਪ ‘ਤੇ ਭੇਜੀ ਗਈ ਈਪੀਕੇ ਫਾਈਲ ਡਾਊਨਲੋਡ ਕਰਨ ਮਗਰੋਂ ਪੀੜਤ ਦਾ ਮੋਬਾਈਲ ਹੈਕ ਹੋ ਗਿਆ ਅਤੇ ਉਸ ਦੇ ਬੈਂਕ ਖਾਤੇ ‘ਚੋਂ 2 ਲੱਖ 70 ਹਜ਼ਾਰ 168 ਰੁਪਏ ਕੱਢ ਲਏ ਗਏ।
ਬਠਿੰਡਾ, 13 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਇਕ ਵਿਅਕਤੀ ਨਾਲ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਵਿਅਕਤੀ ਵਲੋਂ ਵਟਸਐਪ ‘ਤੇ ਭੇਜੀ ਗਈ ਈਪੀਕੇ ਫਾਈਲ ਡਾਊਨਲੋਡ ਕਰਨ ਮਗਰੋਂ ਪੀੜਤ ਦਾ ਮੋਬਾਈਲ ਹੈਕ ਹੋ ਗਿਆ ਅਤੇ ਉਸ ਦੇ ਬੈਂਕ ਖਾਤੇ ‘ਚੋਂ 2 ਲੱਖ 70 ਹਜ਼ਾਰ 168 ਰੁਪਏ ਕੱਢ ਲਏ ਗਏ। ਪੀੜਤ ਪੰਕਜ ਗੁਲਾਟੀ ਦੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਸਾਈਬਰ ਕਰਾਈਮ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਾਈਬਰ ਕਰਾਈਮ ਦੇ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਅਨੁਸਾਰ ਪੰਕਜ ਗੁਲਾਟੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਮੋਬਾਈਲ ‘ਤੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਈਪੀਕੇ ਫਾਈਲ ਭੇਜੀ ਗਈ ਸੀ। ਫਾਈਲ ਡਾਊਨਲੋਡ ਕਰਨ ਤੋਂ ਬਾਅਦ ਉਸ ਦਾ ਮੋਬਾਈਲ ਹੈਕ ਹੋ ਗਿਆ ਅਤੇ ਬੈਂਕ ਖਾਤੇ ‘ਚੋਂ ਤਿੰਨ ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ 2,70,168 ਰੁਪਏ ਟਰਾਂਸਫ਼ਰ ਕਰ ਲਏ ਗਏ। ਪੁਲਿਸ ਵਲੋਂ ਹੁਣ ਬੈਂਕ ਖਾਤਿਆਂ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਪੈਸੇ ਕਿਹੜੇ ਖਾਤਿਆਂ ‘ਚ ਟਰਾਂਸਫ਼ਰ ਕੀਤੇ ਗਏ ਹਨ। ਇਸ ਦੇ ਆਧਾਰ ‘ਤੇ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਵਟਸਐਪ ‘ਤੇ ਆਈ ਈਪੀਕੇ ਫਾਈਲ ਨਾ ਖੋਲ੍ਹੋ- ਸਾਇਬਰ ਥਾਣਾ ਪੁਲਿਸ ਸਾਈਬਰ ਕਰਾਈਮ ਪੁਲਿਸ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਵਟਸਐਪ ‘ਤੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਭੇਜੀ ਗਈ ਈਪੀਕੇ ਫਾਈਲ ਨੂੰ ਡਾਊਨਲੋਡ ਜਾਂ ਓਪਨ ਨਾ ਕੀਤਾ ਜਾਵੇ। ਠੱਗ ਅਕਸਰ ਈ-ਚਲਾਨ, ਵਿਆਹ ਦੇ ਕਾਰਡ ਜਾਂ ਹੋਰ ਦਸਤਾਵੇਜ਼ਾਂ ਦੇ ਨਾਂ ‘ਤੇ ਈਪੀਕੇ ਫਾਈਲ ਭੇਜ ਕੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਅਜਿਹੀ ਫਾਈਲ ਖੋਲ੍ਹਣ ਨਾਲ ਮੋਬਾਈਲ ਦੀ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ ਅਤੇ ਬੈਂਕ ਖਾਤੇ ‘ਚੋਂ ਪੈਸੇ ਕੱਢੇ ਜਾਣ ਦਾ ਖ਼ਤਰਾ ਰਹਿੰਦਾ ਹੈ।