ਪਿੰਡ ਹਰਰਾਏਪੁਰ ਵਿਖੇ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ ਇਕ ਨੌਜਵਾਨ ਦੀ ਮੌਤ-ਦੋ ਜ਼ਖਮੀ, ਇਕ ਦਰਜਨ ਤੋਂ ਵੱਧ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ
ਗੋਨਿਆਣਾ, 5 ਅਕਤੂਬਰ (ਲਛਮਣ ਦਾਸ ਗਰਗ)- ਬੀਤੀ ਸ਼ਾਮ ਨਜ਼ਦੀਕੀ ਪਿੰਡ ਹਰਰਾਏਪੁਰ ਵਿਖੇ ਜ਼ਮੀਨੀ ਵਿਵਾਦ ਨੇ ਖ਼ੂਨੀ ਰੂਪ ਧਾਰ ਲਿਆ। ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ।
ਗੋਨਿਆਣਾ, 5 ਅਕਤੂਬਰ (ਲਛਮਣ ਦਾਸ ਗਰਗ)- ਬੀਤੀ ਸ਼ਾਮ ਨਜ਼ਦੀਕੀ ਪਿੰਡ ਹਰਰਾਏਪੁਰ ਵਿਖੇ ਜ਼ਮੀਨੀ ਵਿਵਾਦ ਨੇ ਖ਼ੂਨੀ ਰੂਪ ਧਾਰ ਲਿਆ। ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਉਕਤ ਵਿਵਾਦ ’ਚ 2 ਨੌਜਵਾਨ ਹੋਰ ਜ਼ਖਮੀ ਹੋ ਗਏ। ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨਾਂ ਆਧਾਰਿਤ ਇਕ ਦਰਜਨ ਤੋਂ ਵੱਧ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਕੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਕੋਠੇ ਚੱਕ ਕੇਸਰ ਸਿੰਘ ਪਿੰਡ ਅਬਲੂ ਕੋਟਲੀ (ਬਠਿੰਡਾ) ਨੇ ਪੁਲਿਸ ਕੋਲ ਲਿਖਵਾਈ ਸ਼ਿਕਾਇਤ ਵਿਚ ਕਿਹਾ ਹੈ ਕਿ ਉਹ ਬੀਤੀ ਸ਼ਾਮ ਜਦੋਂ ਪਿੰਡ ਹਰਰਾਏਪੁਰ ਵਿਖੇ ਜ਼ਮੀਨ ‘ਤੇ ਪਹੁੰਚਿਆ ਤਾਂ ਉੱਥੇ ਉਸ ਦਾ ਭਰਾ ਹਰਪ੍ਰੀਤ ਸਿੰਘ (33) ਆਪਣੇ ਕੁਝ ਦੋਸਤਾਂ, ਜਿਨ੍ਹਾਂ ਵਿਚ ਜਗਸੀਰ ਸਿੰਘ ਵਾਸੀ ਹਰਰਾਏਪੁਰ, ਲਵਪ੍ਰੀਤ ਸਿੰਘ ਵਾਸੀ ਕੋਟਲੀ, ਲਖਵੀਰ ਸਿੰਘ ਵਾਸੀ ਕੋਠੇ ਨੱਥਾ ਸਿੰਘ ਵਾਲੇ, ਲਾਲੀ ਵਾਸੀ ਮਹਿਮਾ ਸਰਜਾ ਅਤੇ ਦੁੱਲਾ ਸਿੰਘ ਵਾਸੀ ਅਬਲੂ ਕੋਟਲੀ ਸਮੇਤ ਕੁਝ ਹੋਰ ਦੋਸਤ ਜ਼ਮੀਨ ਦੀ ਸਾਫ਼-ਸਫ਼ਾਈ ਕਰਨ ਤੋਂ ਬਾਅਦ ਪੋਲ ਗੱਡ ਕੇ ਤਾਰਾਂ ਵਗ਼ੈਰਾ ਲਗਾ ਰਹੇ ਸਨ। ਉਕਤ ਬਿਆਨ ਕਰਤਾ ਨੇ ਪੁਲਿਸ ਨੂੰ ਅੱਗੇ ਦੱਸਿਆ ਕਿ ਉਸ ਨੂੰ ਉਨ੍ਹਾਂ ਕੋਲ ਪੁੱਜੇ ਨੂੰ ਕੁਝ ਮਿੰਟ ਹੀ ਹੋਏ ਸਨ, ਕਿ ਐਨੇ ਨੂੰ 6/7 ਮੋਟਰ ਸਾਈਕਲਾਂ ‘ਤੇ ਸਵਾਰ ਕੁਝ ਲੜਕੇ ਜਿਨ੍ਹਾਂ ਕੋਲ ਕਾਪੇ, ਟਕੂਏ, ਲੋਹੇ ਦੀਆਂ ਰਾਡਾਂ, ਪਾਈਪਾਂ, ਡੰਡੇ ਵਗ਼ੈਰਾ ਮਾਰੂ ਹਥਿਆਰ ਸਨ, ਨੇ ਆਉਂਦਿਆਂ ਹੀ ਸਾਰਿਆਂ ਨੇ ਉਸ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸ ਦੇ ਦੋਸਤਾਂ ਨੂੰ ਘੇਰ ਲਿਆ ਅਤੇ ਮਾਰੂ ਹਥਿਆਰਾਂ ਨਾਲ ਸਿਰ ਵਿਚ ਵਾਰ ਕਰਦੇ ਹੋਏ ਗੰਭੀਰ ਕੁੱਟਮਾਰ ਕੀਤੀ। ਉਕਤ ਹਮਲੇ ਤੋਂ ਬਾਅਦ ਸਮੂਹ ਹਮਲਾਵਰ ਸਮੇਤ ਹਥਿਆਰ ਭੱਜਣ ਵਿਚ ਕਾਮਯਾਬ ਹੋ ਗਏ। ਉਕਤ ਨੇ ਪੁਲਿਸ ਨੂੰ ਅੱਗੇ ਦੱਸਿਆ ਕਿ ਮੈਂ ਆਪਣੇ ਭਰਾ ਹਰਪ੍ਰੀਤ ਸਿੰਘ, ਉਸ ਦੇ ਦੋਸਤ ਲਵਪ੍ਰੀਤ ਸਿੰਘ ਅਤੇ ਜਗਸੀਰ ਸਿੰਘ ਨੂੰ ਜ਼ਖਮੀ ਹਾਲਤ ਵਿਚ ਐਂਬੂਲੈਂਸ ਰਾਹੀਂ ਚੁੱਕ ਕੇ ਸਿਵਲ ਹਸਪਤਾਲ ਬਠਿੰਡਾ ਵਿਖੇ ਲੈ ਗਿਆ। ਜਿੱਥੇ ਡਾਕਟਰਾਂ ਨੇ ਮੇਰੇ ਭਰਾ ਹਰਪ੍ਰੀਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦੋਂ ਕਿ ਦੋਵਾਂ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਮ੍ਰਿਤਕ ਹਰਪ੍ਰੀਤ ਸਿੰਘ ਦੇ ਭਰਾ ਸਿਕੰਦਰ ਸਿੰਘ ਦੇ ਬਿਆਨਾਂ ਆਧਾਰਿਤ ਅਮਨਦੀਪ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ ਤੋਜੀ ਸਿੰਘ, ਰਾਜੀ ਪ੍ਰਧਾਨ, ਹਰਿੰਦਰ ਸਿੰਘ, ਮੇਲਾ ਸਿੰਘ, ਜਾਕੀ, ਕੌਰ ਸਿੰਘ, ਨਿੱਕਾ, ਹਰਮਨ ਸਿੰਘ, ਮੋਟਾ ਵਾਸੀਆਂਨ ਪਿੰਡ ਹਰਰਾਏਪੁਰ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ। ਦੂਸਰੇ ਪਾਸੇ ਪੁਲਿਸ ਨੇ ਮ੍ਰਿਤਕ ਹਰਪ੍ਰੀਤ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ। ਇਸ ਸੰਬੰਧੀ ਹਲਕਾ ਭੁੱਚੋ ਦੇ ਡੀ.ਐਸ.ਪੀ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜ਼ਖਮੀ ਜਗਸੀਰ ਸਿੰਘ ਅਤੇ ਮੁਲਜ਼ਮ ਅਮਨਦੀਪ ਸਿੰਘ ਉਰਫ਼ ਅਮਨਾ ਵਿਚਕਾਰ ਲੰਬੇ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪੁਲਿਸ ਮੁਤਾਬਿਕ ਪੁਲਿਸ ਵਲੋਂ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਸਲੀ ਸੱਚ ਸਾਹਮਣੇ ਆ ਸਕੇ।