ਤਲਵੰਡੀ ਸਾਬੋ, 24 ਫਰਵਰੀ (ਰਣਜੀਤ ਸਿੰਘ ਰਾਜੂ)-ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਮੁਕਾਬਲਾ ਪ੍ਰੀਖਿਆ ਕੇਂਦਰ ਵਲੋਂ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ | ਉਕਤ ਭਾਸ਼ਣ ਸੈਸ਼ਨ ਆਈ. ਪੀ. ਐੱਸ. ਅਧਿਕਾਰੀ ਰਵੀ ਕੁਮਾਰ ਦੁਆਰਾ ਸਿਵਲ ਸੇਵਾਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਅਗਵਾਈ ਪ੍ਰਦਾਨ ਕਰਨ ਲਈ ਕਰਵਾਇਆ ਗਿਆ ਜਿਸ ਵਿਚ ਕੁੱਲ 109 ਵਿਦਿਆਰਥੀਆਂ ਨੇ ਭਾਗ ਲਿਆ | ਯੂਨੀਵਰਸਿਟੀ ਪ੍ਰਬੰਧਕਾਂ ਮੁਤਾਬਿਕ ਇਸ ਪ੍ਰੋਗਰਾਮ ਦੀ ਕੋਆਰਡੀਨੇਟਰ ਸਤਵੀਰ ਕੌਰ ਸਨ | ਸੈਸ਼ਨ ਦੀ ਸ਼ੁਰੂਆਤ ਮਹਿਮਾਨ ਅਧਿਕਾਰੀ ਦੇ ਸਵਾਗਤ ਨਾਲ ਹੋਈ | ਇਸ ਤੋਂ ਬਾਅਦ ਅਧਿਕਾਰੀ ਨੇ ਯੂ. ਪੀ. ਐਸ. ਸੀ. ਪ੍ਰੀਖਿਆ ਦੀ ਤਿਆਰੀ ਸੰਬੰਧੀ ਵੱਖ-ਵੱਖ ਪਹਿਲੂਆਂ ਉੱਪਰ ਵਿਸਥਾਰ ਪੂਰਵਕ ਚਰਚਾ ਕੀਤੀ | ਉਨ੍ਹਾਂ ਨੇ ਪ੍ਰੀਲਿਮਨਰੀ ਪ੍ਰੀਖਿਆ ਲਈ ਸੰਕਲਪਕ ਸਪੱਸ਼ਟਤਾ, ਚਲੰਤ ਮਾਮਲੇ, ਨਿਰੰਤਰ ਦੁਹਰਾਈ ਅਤੇ ਮੌਕ ਟੈਸਟਾਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ | ਮੁੱਖ ਪ੍ਰੀਖਿਆ ਸੰਬੰਧੀ ਗੱਲ ਕਰਦੇ ਹੋਏ ਅਧਿਕਾਰੀ ਨੇ ਜਵਾਬ ਲਿਖਣ ਦੇ ਅਭਿਆਸ, ਸੰਗਠਿਤ ਪੇਸ਼ਕਾਰੀ, ਵਿਸ਼ਲੇਸ਼ਣਾਤਮਕ ਸੋਚ ਅਤੇ ਸਮੇਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਨੂੰ ਸਫਲਤਾ ਦੇ ਅਹਿਮ ਤੱਤ ਦੱਸਿਆ | ਉਨ੍ਹਾਂ ਨੇ ਵਿਕਲਪੀ ਵਿਸ਼ੇ ਦੀ ਚੋਣ ਅਤੇ ਤਿਆਰੀ ਵਿਚ ਲਗਾਤਾਰਤਾ ਬਣਾਈ ਰੱਖਣ ਬਾਰੇ ਵੀ ਵਿਦਿਆਰਥੀਆਂ ਨੂੰ ਕੁਝ ਮਹੱਤਵਪੂਰਨ ਸੁਝਾਅ ਦਿੱਤੇ | ਇੰਟਰੈਕਟਿਵ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਤਿਆਰੀ ਦੀ ਰਣਨੀਤੀ, ਅਸਫ਼ਲਤਾਵਾਂ ਨਾਲ ਨਿਭਣ ਅਤੇ ਮੋਟੀਵੇਸ਼ਨ ਬਣਾਈ ਰੱਖਣ ਬਾਰੇ ਕਈ ਸਵਾਲ ਪੁੱਛੇ | ਮਾਹਿਰ ਅਫਸਰ ਨੇ ਹਰ ਪ੍ਰਸ਼ਨ ਦਾ ਉੱਤਰ ਦਿੰਦਿਆਂ ਵਿਦਿਆਰਥੀਆਂ ਨੂੰ ਅਨੁਸ਼ਾਸਨ, ਕੇਂਦਿ੍ਤ ਮਿਹਨਤ ਅਤੇ ਆਤਮਵਿਸ਼ਵਾਸ ਨਾਲ ਤਿਆਰੀ ਜਾਰੀ ਰੱਖਣ ਲਈ ਪ੍ਰੇਰਿਆ | ਯੂਨੀਵਰਸਿਟੀ ਪ੍ਰਬੰਧਕਾਂ ਮੁਤਾਬਿਕ ਇਹ ਸੈਸ਼ਨ ਸਿਵਲ ਸੇਵਾਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਹੀ ਲਾਭਕਾਰੀ ਅਤੇ ਪ੍ਰੇਰਣਾਦਾਇਕ ਸਾਬਤ ਹੋਇਆ | ਵਿਦਿਆਰਥੀਆਂ ਨੇ ਤਿਆਰੀ ਦੇ ਦੋਵੇਂ ਪੜਾਵਾਂ ਬਾਰੇ ਸਪੱਸ਼ਟਤਾ ਪ੍ਰਾਪਤ ਕੀਤੀ ਅਤੇ ਸੇਵਾ ਕਰ ਰਹੇ ਆਈ.ਪੀ.ਐੱਸ ਅਧਿਕਾਰੀ ਨਾਲ ਸਿੱਧੀ ਗੱਲਬਾਤ ਤੋਂ ਕਾਫੀ ਗਿਆਨ ਹਾਸਿਲ ਕੀਤਾ |