ਸੰਗਤ ਮੰਡੀ, 10 ਮਾਰਚ (ਸੁਖਤੇਜ ਧਾਲੀਵਾਲ): ਬਠਿੰਡਾ-ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਜੋਧਪੁਰ ਰੋਮਾਣਾ ਤੇ ਗੁਰੂਸਰ ਸੈਣੇਵਾਲਾ ਵਿਚਕਾਰ ਪੈਟਰੋਲ ਪੰਪ ਦੇ ਨਜ਼ਦੀਕ ਬਣੇ ਬੀਸੀਐਲ ਸੰਗਤ ਦੇ ਗੱਠਾਂ ਦੇ ਇਕ ਵੱਡੇ ਡੰਪ ਨੂੰ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ, ਜਿਸ ਨਾਲ ਨਾਲ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ | ਪਰਾਲੀ ਦੇ ਡੰਪ 'ਚੋਂ ਨਿਕਲ ਰਹੀਆਂ ਅੱਗ ਦੀਆਂ ਉੱਚੀਆਂ ਲਪਟਾਂ ਅਤੇ ਧੂੰਏਾ ਦਾ ਗੁਬਾਰ ਦੂਰੋਂ ਹੀ ਦਿਖਾਈ ਦੇ ਰਿਹਾ ਸੀ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕ ਵੱਡੀ ਗਿਣਤੀ ਵਿਚ ਆਗੂ 'ਤੇ ਕਾਬੂ ਪਾਉਣ ਲਈ ਮੌਕੇ 'ਤੇ ਇਕੱਠੇ ਹੋ ਗਏ | ਜਿਸ ਥਾਂ ਗੱਠਾ ਦੇ ਡੰਪ ਨੂੰ ਅੱਗ ਲੱਗੀ ਉਸ ਦੇ ਨੇੜੇ ਹੀ ਪੈਟਰੋਲ ਪੰਪ ਲੱਗਾ ਹੋਇਆ ਹੈ, ਜੇਕਰ ਅੱਗ ਉਸ ਪਾਸੇ ਨੂੰ ਹੋ ਜਾਂਦੀ ਤਾਂ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਜਾਣਾ ਸੀ | ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਬੀਸੀਐਲ ਸੰਗਤ ਅਤੇ ਬਠਿੰਡਾ ਤੋਂ ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਉਣ ਲਈ ਜ਼ੋਰਦਾਰ ਯਤਨ ਸ਼ੁਰੂ ਕਰ ਦਿੱਤੇ | ਇਸ ਤੋਂ ਇਲਾਵਾ ਪਿੰਡ ਨਰੂਆਣਾ ਅਤੇ ਆਸ-ਪਾਸ ਦੇ ਕਈ ਪਿੰਡਾਂ ਦੇ ਕਿਸਾਨ ਵੀ ਮਦਦ ਲਈ ਪਹੁੰਚ ਗਏ | ਕਿਸਾਨਾਂ ਅਤੇ ਫਾਇਰ ਬਿ੍ਗੇਡ ਦੇ ਕਰਮਚਾਰੀਆਂ ਵਲੋਂ ਮਿਲਕੇ ਕਈ ਘੰਟਿਆਂ ਤੱਕ ਅੱਗ ਬੁਝਾਉਣ ਲਈ ਮੁਸ਼ੱਕਤ ਕੀਤੀ, ਪਰ ਅੱਗ ਜ਼ਿਆਦਾ ਤੇਜ਼ ਹੋਣ ਅਤੇ ਗੱਠਾਂ ਦੀ ਵੱਡੀ ਮਾਤਰਾ ਹੋਣ ਕਾਰਨ ਇਸ 'ਤੇ ਤੁਰੰਤ ਕਾਬੂ ਪਾਉਣਾ ਬਹੁਤ ਮੁਸ਼ਕਲ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਇਸ ਡੰਪ ਵਿਚ ਕਰੀਬ 20 ਤੋਂ 25 ਹਜ਼ਾਰ ਕੁਇੰਟਲ ਗੱਠਾਂ ਇਕੱਠੀਆਂ ਕਰਕੇ ਰੱਖੀਆਂ ਗਈਆਂ ਸਨ | ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਕੁੱਲ ਕੀਮਤ ਲਗਭਗ 75 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ | ਜੋ ਅੱਗ ਦੀ ਲਪੇਟ ਵਿਚ ਆਉਣ ਕਾਰਨ ਡੰਪ ਵਿਚ ਪਈਆਂ ਲਗਭਗ ਸਾਰੀਆਂ ਗੱਠਾਂ ਸੜ ਕੇ ਰਾਖ ਹੋ ਗਈਆਂ, ਜਿਸ ਨਾਲ ਵੱਡਾ ਆਰਥਿਕ ਨੁਕਸਾਨ ਹੋਇਆ ਹੈ | ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਨੇੜਲੇ ਪਿੰਡਾਂ ਜੋਧਪੁਰ ਰੋਮਾਣਾ, ਗੁਰੂਸਰ ਸੈਣੇਵਾਲਾ, ਜੈ ਸਿੰਘ ਵਾਲਾ ਅਤੇ ਨਰੂਆਣਾ ਦੇ ਕਿਸਾਨ ਮੌਕੇ 'ਤੇ ਪੁੱਜੇ ਅਤੇ ਅੱਗ ਬੁਝਾਉਣ ਲਈ ਸਹਿਯੋਗ ਦਿੱਤਾ | ਖ਼ੁਸ਼ਕਿਸਮਤੀ ਨਾਲ ਇਸ ਘਟਨਾ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਵਿੱਤੀ ਨੁਕਸਾਨ ਕਾਫੀ ਵੱਡਾ ਹੋ ਗਿਆ | ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਕੋਈ ਪਤਾ ਨਹੀਂ ਚੱਲ ਸਕਿਆ | ਡੰਪ ਵਿਚ ਪਈਆਂ ਗੱਠਾਂ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਈਆਂ | ਇਸ ਸੰਬੰਧੀ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਿਸੇ ਵਿਅਕਤੀ ਨੇ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਗੱਠਾਂ ਦੇ ਡੰਪ ਨੂੰ ਅੱਗ ਲੱਗ ਗਈ ਹੈ | ਜਿਸ 'ਤੇ ਉਹ ਤੁਰੰਤ ਮੌਕੇ 'ਤੇ ਪਹੁੰਚੇ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਵੱਲੋਂ ਬੀਸੀਐਲ ਅਤੇ ਬਠਿੰਡਾ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ | ਜਿਸ 'ਤੇ ਦੋ ਬੀਸੀਐਲ ਦੀਆਂ ਤੇ ਇੱਕ ਬਠਿੰਡਾ ਤੋਂ ਫਾਇਰ ਬਿ੍ਗੇਡ ਅੱਗ ਬੁਝਾਉਣ ਲਈ ਪਹੁੰਚੀ | ਉਨ੍ਹਾਂ ਦੱਸਿਆ ਕਿ ਗੱਠਾਂ ਦੇ ਸਾਰੇ ਡੰਪ ਪੂਰੀ ਤਰ੍ਹਾਂ ਨਾਲ ਸੜਕੇ ਰਾਖ ਹੋ ਗਏ, ਜਿਸ ਕਾਰਨ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਸ ਕਾਰਨ ਲੱਗੀ ਹੈ | ਉਨ੍ਹਾਂ ਦੱਸਿਆ ਕਿ ਡੰਪ ਵਿਚ 20 ਤੋਂ 25 ਹਜ਼ਾਰ ਕੁਇੰਟਲ ਪਰਾਲੀ ਦੀਆਂ ਗੱਠਾਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਸਨ, ਜਿਨ੍ਹਾਂ ਦੀ 75 ਲੱਖ ਦੇ ਕਰੀਬ ਕੀਮਤ ਬਣਦੀ ਹੈ | ਬੀਸੀਐਲ ਕੰਪਨੀ ਦੇ ਅੱਗ ਬੁਝਾਓ ਦਸਤੇ ਦੇ ਸੁਪਰਵਾਈਜ਼ਰ ਦਸ਼ਰਤਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਗੁਰੂਸਰ ਸੈਣੇਵਾਲਾ ਦੇ ਕਿਸੇ ਵਿਅਕਤੀ ਦਾ ਫ਼ੋਨ ਆਇਆ ਕਿ ਉਨ੍ਹਾਂ ਦੇ ਗੱਠਾਂ ਦੇ ਡੰਪ ਨੂੰ ਅੱਗ ਲੱਗ ਗਈ ਹੈ | ਜਿਸ 'ਤੇ ਉਹ ਤੁਰੰਤ ਆਪਣੀਆਂ ਦੋ ਗੱਡੀਆਂ ਤੇ ਸਾਰੀ ਟੀਮ ਲੈ ਕੇ ਅੱਗ ਬੁਝਾਉਣ ਲਈ ਪਹੁੰਚੇ | ਉਨ੍ਹਾਂ ਦੱਸਿਆ ਕਿ ਅੱਗ ਬਹੁਤ ਵੱਡੇ ਪੱਧਰ 'ਤੇ ਲੱਗੀ ਹੋਈ ਸੀ | ਉਨ੍ਹਾਂ ਅੱਗ ਬੁਝਾਉਣ ਲਈ ਪੂਰੀ ਕੋਸ਼ਿਸ਼ ਕੀਤੀ, ਪ੍ਰੰਤੂ ਉਹ ਬਹੁਤ ਥੋੜੇ ਕਾਮਯਾਬ ਹੋਏ, ਜਿਸ ਸਮੇਂ ਤੱਕ ਉਨ੍ਹਾਂ ਅੱਗ 'ਤੇ ਕਾਬੂ ਪਾਇਆ, ਉਸ ਸਮੇਂ ਤੱਕ ਸਾਰੀਆਂ ਗੱਠਾ ਸੜ ਕੇ ਰਾਖ ਹੋ ਚੁੱਕੀਆਂ ਸਨ |
ਬੀ.ਸੀ.ਐਲ. ਸੰਗਤ ਦੇ ਡੰਪ 'ਚ ਲੱਗੀ ਭਿਆਨਕ ਅੱਗ ਨਾਲ ਲੱਖਾਂ ਰੁਪਏ ਦੀਆਂ ਗੱਠਾਂ ਸੜ ਕੇ ਸੁਆਹ
ਅਜੀਤ ਡੈਸਕ
11-03-2026