ਰਾਮਪੁਰਾ ਫੂਲ, 10 ਮਾਰਚ (ਹੇਮੰਤ ਕੁਮਾਰ ਸ਼ਰਮਾ)-ਸਥਾਨਕ ਸ਼ਹਿਰ ਦੀ ਮਹਿਰਾਜ ਕਾਲੋਨੀ ਦੇ ਸ਼ਹੀਦ ਊਧਮ ਸਿੰਘ ਵੈੱਲਫ਼ੇਅਰ ਕਲੱਬ ਦੀ ਭਰਵੀਂ ਮੀਟਿੰਗ ਕਲੱਬ ਪ੍ਰਧਾਨ ਸੁਰਿੰਦਰ ਧੀਰ ਦੀ ਪ੍ਰਧਾਨਗੀ ਹੇਠ ਯੂ.ਈ.ਐਸ.ਸੀ. ਟਿਊਸ਼ਨ ਸੈਂਟਰ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਪਿਛਲੇ ਦਿਨਾਂ ਦੌਰਾਨ ਵਿੱਛੜ ਚੁੱਕੇ ਮਹਿਰਾਜ ਕਾਲੋਨੀ ਵਾਸੀਆਂ ਨੂੰ ਇੱਕ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ | ਇਸ ਉਪਰੰਤ ਜਨਰਲ ਸਕੱਤਰ ਹੈੱਡਮਾਸਟਰ ਲਾਭ ਸਿੰਘ ਸਿੱਧੂ ਨੇ ਕਲੱਬ ਦੀਆਂ ਪਿਛਲੇ ਸਮੇਂ ਦੀਆਂ ਗਤੀਵਿਧੀਆਂ 'ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਵਰਤਮਾਨ ਮੀਟਿੰਗ ਦੇ ਏਜੰਡਿਆਂ 'ਤੇ ਰੌਸ਼ਨੀ ਪਾਈ | ਸਮੂਹ ਮੈਂਬਰਾਂ ਵਲੋਂ ਮਹਿਰਾਜ ਕਾਲੋਨੀ ਵਾਸੀ ਕੁਲਦੀਪ ਸਿੰਘ ਕੌਂਸਲਰ, ਗੁਰਪ੍ਰੀਤ ਸਿੰਘ ਅਤੇ ਰਕੇਸ਼ ਵਿਜੈ ਮਾਰਕਫੈੱਡ ਵਲੋਂ ਪਹਿਲੀ ਵਾਰ ਮੀਟਿੰਗ ਵਿਚ ਸ਼ਿਰਕਤ ਕਰਨ 'ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਮੀਟਿੰਗ ਵਿਚ ਉਠਾਏ ਗਏ ਨੁਕਤਿਆਂ ਨੂੰ ਵਿਚਾਰਦਿਆਂ ਕਰਮ ਸਿੰਘ ਭੁੱਲਰ, ਜਿਉਣ ਸਿੰਘ ਖ਼ਾਲਸਾ, ਅਮਨਦੀਪ ਸਿੰਘ ਹੈਪੀ ਢਿੱਲੋਂ, ਬਲਵੀਰ ਸਿੰਘ ਸਿੱਧੂ ਬੱਜੋਆਣਾ, ਸੱਤਪਾਲ ਸ਼ਰਮਾ ਅਤੇ ਗਗਨਦੀਪ ਬਾਂਸਲ ਨੇ ਆਪੋ-ਆਪਣੇ ਕੀਮਤੀ ਸੁਝਾਅ ਪੇਸ਼ ਕੀਤੇ | ਵਿੱਤ ਸਕੱਤਰ ਦਵਿੰਦਰ ਕੁਮਾਰ ਗਰਗ ਵਲੋਂ ਸਮੁੱਚੇ ਹਾਜ਼ਰੀਨ ਨੂੰ ਮੈਂਬਰਸ਼ਿਪ ਫ਼ੀਸ ਅਤੇ ਵਾਰਸ਼ਿਕ ਚੰਦੇ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ | ਸੁਰਿੰਦਰ ਧੀਰ ਨੇ ਕਿਹਾ ਕਿ ਮੀਟਿੰਗ ਵਿਚ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਅਨੁਸਾਰ ਕਲੱਬ ਵਲੋਂ ਸਿਹਤ ਵਿਭਾਗ ਦੀ ਮਦਦ ਨਾਲ ਜਲਦੀ ਹੀ ਸਿਹਤ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ | ਅਖੀਰ ਵਿਚ ਚੇਅਰਮੈਨ ਗੁਰਤੇਜ ਸਿੰਘ ਗੋਗੀ ਬਰਾੜ ਵਲੋਂ ਸਮੁੱਚੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਡਾ.ਰਜਿੰਦਰ ਸਿੰਘ ਦਿਉਲ, ਕਰਮਜੀਤ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਗੋਲਡੀ, ਅਵਤਾਰ ਸਿੰਘ ਆਦੀਆਲ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |