ਭੁੱਚੋ ਮੰਡੀ, 16 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਸੀ.ਬੀ.ਐਸ.ਈ. ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ਵਿਚ ਪਿੰਡ ਤੁੰਗਵਾਲੀ ਦੀ ਹੋਣਹਾਰ ਧੀ ਅਵਨੀਤ ਕੌਰ ਪੁੱਤਰੀ ਗੁਰਦਿੱਤ ਸਿੰਘ ਉਰਫ਼ ਗੋਰਾ ਮਾਹਲ ਨੇ 496/500 (99.2 ਫ਼ੀਸਦੀ) ਅੰਕ ਲੈ ਕੇ ਜ਼ਿਲ੍ਹਾ ਬਠਿੰਡਾ 'ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ | ਇਹ ਬੱਚੀ ਬਠਿੰਡਾ ਦੇ ਮਾਊਾਟ ਲਿਟਰਾ ਜ਼ੀ ਸਕੂਲ ਦੀ ਵਿਦਿਆਰਥਣ ਹੈ ਅਤੇ ਉਸ ਦਾ ਪਾਲਣ ਪੋਸ਼ਣ ਪਿੰਡ ਦੇ ਮਾਹੌਲ ਵਿਚ ਹੀ ਹੋਇਆ ਹੈ | 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਅਵਨੀਤ ਕਹਿੰਦੀ ਹੈ ਕਿ ਉਹ ਯੂ.ਪੀ.ਐਸ.ਸੀ. ਦਾ ਇਮਤਿਹਾਨ ਕਲੀਅਰ ਕਰਕੇ ਆਈ.ਏ.ਐਸ. ਅਫ਼ਸਰ ਬਣਨਾ ਚਾਹੁੰਦੀ ਹੈ ਤਾਂ ਜੋ ਸਿਵਲ ਸੇਵਾਵਾਂ ਵਿਚ ਦੇਸ਼ ਅਤੇ ਸਮਾਜ ਦੀ ਸੇਵਾ ਕਰ ਸਕੇ | ਉਹ ਦੱਸਦੀ ਹੈ ਕਿ ਬਚਪਨ ਤੋਂ ਹੀ ਉਸ ਦਾ ਸੁਪਨਾ ਕੁੱਝ ਵੱਡਾ ਕਰਨ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ ਦਾ ਸੀ | ਉਹ ਦੱਸਦੀ ਹੈ ਕਿ ਉਸ ਨੇ 3 ਵਿਸ਼ਿਆਂ ਵਿਚ 100/100 ਅਤੇ 2 ਵਿਸ਼ਿਆਂ ਵਿਚ 98/100 ਅੰਕ ਹਾਸਲ ਕੀਤੇ ਹਨ ਤੇ ਉਸ ਨੂੰ 4 ਅੰਕ ਘਟਣ ਦਾ ਮਲਾਲ ਹੈ | ਅਵਨੀਤ ਦੀ ਇਸ ਪ੍ਰਾਪਤੀ 'ਤੇ ਪੂਰੇ ਤੁੰਗਵਾਲੀ ਪਿੰਡ ਵਿਚ ਜਸ਼ਨ ਦਾ ਮਾਹੇ ਉਨ੍ਹਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ | ਅਵਨੀਤ ਕੌਰ ਦਾ ਪਿਤਾ ਗੁਰਦਿੱਤ ਸਿੰਘ ਗੋਰਾ ਮਾਹਲ ਹੋ ਕਿ ਟਰੱਕ ਯੂਨੀਅਨ ਭੁੱਚੋ ਮੰਡੀ ਦੇ ਪ੍ਰਧਾਨ ਹਨ ਅਤੇ ਮਾਤਾ ਕਰਮਜੀਤ ਕੌਰ ਦਾ ਕਹਿਣਾ ਸੀ ਕਿ ਅਜੋਕੇ ਸਮੇਂ ਵਿਚ ਧੀਆਂ ਵੀ ਪੁੱਤਾਂ ਨਾਲੋਂ ਘੱਟ ਨਹੀਂ ਹਨ ਅਤੇ ਉਨ੍ਹਾਂ ਨੂੰ ਆਪਣੀ ਹੋਣਹਾਰ ਧੀ 'ਤੇ ਮਾਣ ਹੈ ਅਤੇ ਕਾਮਨਾ ਕਰਦੇ ਹਾਂ ਕਿ ਉਨ੍ਹਾਂ ਦੀ ਧੀ ਦਾ ਸੁਪਨਾ ਇਕ ਦਿਨ ਜ਼ਰੂਰ ਸਾਕਾਰ ਹੋਵੇਗਾ |