ਸੰਗਤ ਮੰਡੀ, 16 ਅਪ੍ਰੈਲ (ਸੁਖਤੇਜ ਧਾਲੀਵਾਲ/ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ ਵਿਖੇ ਗੈਸ ਏਜੰਸੀ ਮਾਲਕ ਦੀਆਂ ਆਪਹੁਦਰੀਆਂ ਤੋਂ ਦੁਖੀ ਖਪਤਕਾਰਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਲੋਕਾਂ ਵਲੋਂ ਇੰਡੇਨ ਗੈਸ ਏਜੰਸੀ ਦੇ ਦਫ਼ਤਰ ਮੂਹਰੇ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਅੱਜ ਸਵੇਰੇ 9 ਵਜੇ ਸ਼ੁਰੂ ਕੀਤੇ ਗਏ ਧਰਨੇ ਦੀ ਅਗਵਾਈ ਕਰ ਰਹੇ ਸਥਾਨਕ ਵਾਸੀ ਪ੍ਰਮਿੰਦਰ ਸਿੰਘ, ਅੰਗਰੇਜ਼ ਸਿੰਘ, ਪਵਨ ਕੁਮਾਰ ਅਤੇ ਸਮਾਜਸੇਵੀ ਬਲਵੀਰ ਸਿੰਘ ਬੀਰਾ ਨੇ ਦੱਸਿਆ ਕਿ ਗੈਸ ਸਿਲੰਡਰ ਨਾ ਮਿਲਣ ਤੋਂ ਪ੍ਰੇਸ਼ਾਨ ਲੋਕਾਂ ਵਲੋਂ ਏਜੰਸੀ ਦੇ ਬਾਹਰ ਕੜਾਕੇ ਦੀ ਧੁੱਪ 'ਚ ਖੜ੍ਹੇ ਹੋ ਕੇ ਘੰਟਿਆਂ ਬੱਧੀ ਉਡੀਕ ਕੀਤੀ ਜਾਂਦੀ ਹੈ, ਜਿੱਥੇ ਗਰਮੀ ਦੇ ਮੌਸਮ 'ਚ ਵੀ ਇੰਡੇਨ ਸਰਵਿਸ ਗੈਸ ਏਜੰਸੀ ਵਲੋਂ ਛਾਂ ਜਾਂ ਖਪਤਕਾਰਾਂ ਨੂੰ ਪੀਣ ਦੇ ਪਾਣੀ ਤੱਕ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇੰਡੇਨ ਗੈਸ ਕੰਪਨੀ ਦੇ ਰਿਟਾਇਰਡ ਅਫ਼ਸਰ ਵਲੋਂ ਚਾਰ ਮਹੀਨੇ ਪਹਿਲਾਂ ਉਕਤ ਗੈਸ ਏਜੰਸੀ ਖ਼ਰੀਦੀ ਗਈ ਸੀ, ਪ੍ਰੰਤੂ ਸਾਰਾ ਕੁਝ ਜਾਣਦੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਵਲੋਂ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਏਜੰਸੀ ਅਤੇ ਗੋਦਾਮ ਦੇ ਬਾਹਰ ਸਟਾਕ ਬੋਰਡ ਜਾਣਬੁੱਝ ਕੇ ਨਹੀਂ ਲਗਾਏ ਗਏ ਤਾਂ ਜੋ ਖਪਤਕਾਰਾਂ ਨੂੰ ਏਜੰਸੀ ਕੋਲ ਗੈਸ ਸਿਲੰਡਰਾਂ ਦੀ ਜਾਣਕਾਰੀ ਪਤਾ ਨਾ ਲੱਗ ਸਕੇ | ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੈਸ ਏਜੰਸੀਆਂ ਦੇ ਮਾਲਕ ਖ਼ੁਦ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਵਾ ਰਹੇ ਹਨ ਅਤੇ ਗੈਸ ਸਿਲੰਡਰਾਂ ਦੀ ਕਿੱਲਤ ਪਿਛਲੇ ਚਾਰ ਮਹੀਨੇ ਤੋਂ ਹੀ ਪੈਦਾ ਹੋਈ ਹੈ, ਜਦੋਂ ਕਿ ਇਸ ਤੋਂ ਪਹਿਲਾਂ ਲੋਕਾਂ ਨੂੰ ਗੈਸ ਦੀ ਸਪਲਾਈ ਨਿਰਵਿਘਨ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਸੀ | ਉਨ੍ਹਾਂ ਕਿਹਾ ਕਿ ਏਜੰਸੀ ਦੇ ਮਾਲਕ ਗੈਸ ਕੰਪਨੀ ਅਤੇ ਜ਼ਿਲ੍ਹਾ ਪ੍ਰਸ਼ਾਸਨ 'ਚ ਅਸਰ ਰਸੂਖ਼ ਰੱਖਦੇ ਹੋਣ ਕਾਰਨ ਕਿਸੇ ਕਾਨੂੰਨੀ ਕਾਰਵਾਈ ਦਾ ਡਰ ਨਹੀਂ ਮੰਨਦੇ ਅਤੇ ਮਨਮਾਨੀਆਂ ਕਰਦੇ ਹਨ | ਧਰਨੇ ਦੀ ਸੂਚਨਾ ਮਿਲਦੇ ਹੀ ਥਾਣਾ ਸੰਗਤ ਦੇ ਮੁੱਖ ਅਫ਼ਸਰ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਪੁਲਿਸ ਪਾਰਟੀ ਸਮੇਤ ਉੱਥੇ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ, ਉਨ੍ਹਾਂ ਗੈਸ ਏਜੰਸੀ ਦੇ ਮਾਲਕ ਹਰਸਵਰੂਪ ਚੌਧਰੀ ਨਾਲ ਕਈ ਵਾਰੀ ਗੱਲਬਾਤ ਕਰਵਾਈ, ਪਰ ਮਾਮਲਾ ਆਨਲਾਈਨ ਸਟਾਕ ਚੈੱਕ ਕਰਵਾਏ ਜਾਣ ਨੂੰ ਲੈਕੇ ਲੰਮਾਂ ਸਮਾਂ ਲਟਕਿਆ ਰਿਹਾ ਅਤੇ ਏਜੰਸੀ ਮਾਲਕ ਸਿਰਫ਼ ਫਿਜ਼ੀਕਲੀ 7 ਗੈਸ ਸਿਲੰਡਰ ਏਜੰਸੀ ਕੋਲ ਭਰੇ ਹੋਣ ਦਾ ਕਹਿੰਦੇ ਰਹੇ, ਜਦੋਂ ਕਿ ਧਰਨਾਕਾਰੀਆਂ ਦੀ ਪੁਖ਼ਤਾ ਜਾਣਕਾਰੀ ਅਨੁਸਾਰ ਏਜੰਸੀ ਕੋਲ 800 ਤੋਂ ਵੱਧ ਗੈਸ ਸਿਲੰਡਰ ਸ਼ੋਅ ਹੋਣ ਦਾ ਆਖ ਰਹੇ ਸਨ | ਧਰਨਾਕਾਰੀਆਂ ਦੀ ਸਾਰ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਜਾਂ ਗੈਸ ਕੰਪਨੀ ਦਾ ਕੋਈ ਵੀ ਅਧਿਕਾਰੀ ਉੱਥੇ ਨਹੀਂ ਪਹੁੰਚਿਆ, ਜੋ ਧਰਨਾਕਾਰੀਆਂ ਦੀ ਤਸੱਲੀ ਕਰਵਾ ਸਕੇ | ਅਖੀਰ ਏਜੰਸੀ ਮਾਲਕ ਹਰਸਵਰੂਪ ਨੇ ਮੰਨਿਆ ਕਿ ਕੰਪਨੀ ਦਾ ਸਿਸਟਮ ਕਰੈਸ਼ ਹੋ ਜਾਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ, ਜਿਸ ਨੂੰ ਜਲਦੀ ਠੀਕ ਕੀਤਾ ਜਾਵੇਗਾ | ਹਰ ਗ੍ਰਾਹਕ ਨੂੰ ਡਿਲਿਵਰੀ ਸਲਿੱਪ ਦੇਣੀ ਲਾਜ਼ਮੀ ਬਣਾਈ ਜਾਵੇਗੀ, ਪਿਛਲੇ 45 ਦਿਨ ਪਹਿਲਾਂ ਬੁੱਕ ਹੋਏ ਗੈਸ ਸਿਲੰਡਰ ਖਪਤਕਾਰਾਂ ਨੂੰ ਪਹਿਲ ਦੇ ਅਧਾਰ 'ਤੇ ਦਿੱਤੇ ਜਾਣਗੇ | ਬੁੱਕ ਕੀਤੇ ਗੈਸ ਸਿਲੰਡਰਾਂ ਦੇ ਡੀ.ਏ.ਸੀ. ਨੰਬਰ ਏਜੰਸੀ ਨੂੰ ਆ ਕੇ ਦੇਣਾ ਜ਼ਰੂਰੀ ਨਹੀਂ, ਸਿਲੰਡਰ ਉਨ੍ਹਾਂ ਦੇ ਘਰ ਭੇਜੇ ਜਾਣਗੇ | ਵਿਆਹ ਜਾਂ ਕਿਸੇ ਹੋਰ ਸਮਾਗਮ ਲਈ ਪਿੰਡ ਦੇ ਸਰਪੰਚ ਜਾਂ ਮੋਹਤਬਰ ਵਿਅਕਤੀ ਦੇ ਕਹਿਣ 'ਤੇ ਗੈਸ ਸਿਲੰਡਰ ਦੇਣੇ ਯਕੀਨੀ ਬਣਾਏ ਜਾਣਗੇ | ਉਨ੍ਹਾਂ ਦੇ ਵਿਸ਼ਵਾਸ ਦਿਵਾਏ ਜਾਣ ਤੋਂ ਬਾਅਦ ਸ਼ਾਮ ਸਮੇਂ ਧਰਨਾ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ | ਇਸ ਮੌਕੇ ਨਗਰ ਕੌਂਸਲ ਸੰਗਤ ਦੇ ਸਾਬਕਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਰੋਹਿਤ ਕੁਮਾਰ ਗੋਗੀ, ਸੀਨੀਅਰ ਅਕਾਲੀ ਆਗੂ ਰੇਸ਼ਮ ਸਿੰਘ ਸੰਗਤ, ਕਾਮਰੇਡ ਦਰਸ਼ਨ ਸਿੰਘ ਫੁੱਲੋ ਮਿੱਠੀ, ਮਜ਼ਦੂਰ ਆਗੂ ਮਿੱਠੂ ਸਿੰਘ ਘੁੱਦਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਨਾਮ ਸਿੰਘ ਸਿਵੀਆਂ, ਰਾਜਿੰਦਰ ਕੁਮਾਰ, ਲਵਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਪਿੰਡਾਂ ਦੇ ਲੋਕ ਉੱਥੇ ਮੌਜੂਦ ਸਨ | ਇਸ ਬਾਰੇ ਹਲਕਾ ਵਿਧਾਇਕ ਇੰਜੀ. ਅਮਿਤ ਰਤਨ ਕੋਟਫੱਤਾ ਨੇ ਕਿਹਾ ਕਿ ਗੈਸ ਏਜੰਸੀ ਦੇ ਰਿਕਾਰਡ ਦੀ ਜਾਂਚ ਕਰਵਾਈ ਜਾਵੇਗੀ ਅਤੇ ਉਨ੍ਹਾਂ ਦੇ ਹਲਕੇ ਦੇ ਲੋਕਾਂ ਨੂੰ ਪੇਸ਼ ਆ ਰਹੀ ਇਸ ਸਮੱਸਿਆ ਦਾ ਜਲਦੀ ਹੱਲ ਕਰਵਾਇਆ ਜਾਵੇਗਾ |