ਮਹਿਮਾ ਸਰਜਾ, 23 ਅਪ੍ਰੈਲ (ਬਲਦੇਵ ਸੰਧੂ)-ਥਾਣਾ ਨੇਹੀਂਆਂ ਵਾਲਾ ਅਧੀਨ ਪੈਂਦੀ ਪੁਲਿਸ ਚੌਂਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਗੁਰਤੇਜ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮੁਸਤੈਦੀ ਦਿਖਾਉਂਦਿਆਂ ਕਸਬਾ ਮਹਿਮਾ ਸਰਜਾ ਅਤੇ ਮਹਿਮਾ ਸਵਾਈ ਵਿਚ ਲੰਮੇ ਸਮੇਂ ਤੋਂ ਸਰਗਰਮ ਚੋਰ ਗਿਰੋਹ ਨੂੰ ਕਾਬੂ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ | ਪਿਛਲੇ ਕਰੀਬ 20 ਦਿਨਾਂ ਤੋਂ ਇਹ ਗਿਰੋਹ ਇਲਾਕੇ ਵਿਚ ਲਗਾਤਾਰ ਚੋਰੀਆਂ ਕਰ ਰਿਹਾ ਸੀ ਅਤੇ ਦਰਜਨ ਦੇ ਕਰੀਬ ਵਾਰਦਾਤਾਂ ਨੂੰ ਅੰਜ਼ਾਮ ਦੇ ਕੇ ਲੋਕਾਂ ਵਿਚ ਭੈ ਦਾ ਮਾਹੌਲ ਪੈਦਾ ਕਰ ਦਿੱਤਾ ਸੀ | ਲੋਕ ਆਪਣੇ ਘਰਾਂ ਅਤੇ ਦੁਕਾਨਾਂ ਦੀ ਸੁਰੱਖਿਆ ਨੂੰ ਲੈ ਕੇ ਕਾਫ਼ੀ ਚਿੰਤਤ ਸਨ | ਗੌਰਤਲਬ ਇਸ ਗਿਰੋਹ ਦੇ ਮੈਂਬਰਾਂ ਨੇ 17 ਤੋਂ 18 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਮਹਿਮਾ ਸਰਜਾ ਵਿਖੇ ਇਕ ਮੋਬਾਈਲ ਸਟੋਰ ਨੂੰ ਨਿਸ਼ਾਨਾ ਬਣਾਉਂਦਿਆਂ ਵੱਡੀ ਚੋਰੀ ਕੀਤੀ ਸੀ, ਜਿਸ ਨਾਲ ਇਲਾਕੇ ਵਿਚ ਡਰ ਹੋਰ ਵੀ ਵੱਧ ਗਿਆ ਸੀ | ਪੁਲਿਸ ਨੇ ਹਰਦੇਵ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਮਹਿਮਾ ਸਰਜਾ ਦੇ ਬਿਆਨਾਂ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਮਨਪ੍ਰੀਤ ਸਿੰਘ ਪੁੱਤਰ ਰੋਸ਼ਨ ਸਿੰਘ, ਅਮਨਦੀਪ ਸਿੰਘ ਪੁੱਤਰ ਅਜੈਬ ਸਿੰਘ (ਦੋਵੇਂ ਵਾਸੀ ਮਹਿਮਾ ਸਰਜਾ) ਅਤੇ ਜਗਦੇਵ ਸਿੰਘ ਪੁੱਤਰ ਰਾਮ ਸਿੰਘ ਵਾਸੀ ਮਹਿਮਾ ਸਵਾਈ ਨੂੰ ਗਿ੍ਫ਼ਤਾਰ ਕਰ ਲਿਆ | ਮੁਲਜ਼ਮਾਂ ਕੋਲੋਂ 3 ਮੋਬਾਈਲ ਫੋਨ ਅਤੇ ਇਕ ਲੋਹੇ ਦੀ ਰਾਡ ਬਰਾਮਦ ਹੋਈ ਹੈ, ਜੋ ਚੋਰੀਆਂ ਵਿਚ ਵਰਤੀ ਜਾਂਦੀ ਸੀ | ਪੁਲਿਸ ਮੁਤਾਬਿਕ ਤਿੰਨਾਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਤੋਂ ਹੋਰ ਵਾਰਦਾਤਾਂ ਸਬੰਧੀ ਪੁੱਛਗਿੱਛ ਜਾਰੀ ਹੈ | ਇਸ ਸਫ਼ਲ ਕਾਰਵਾਈ ਨਾਲ ਇਲਾਕੇ ਦੇ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ ਅਤੇ ਪੁਲਿਸ ਦੀ ਚੌਕਸੀ ਤੇ ਤੁਰੰਤ ਕਾਰਵਾਈ ਦੀ ਖੂਬ ਸਰਾਹਨਾ ਕੀਤੀ ਜਾ ਰਹੀ ਹੈ |