ਬਠਿੰਡਾ, 28 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡਿਪਟੀ ਕਮਿਸ਼ਨਰ-ਕਮ-ਪਿ੍ੰਸੀਪਲ ਸੈਂਸਸ ਅਫ਼ਸਰ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਦੱਸਿਆ ਕਿ ਜਨਗਣਨਾ-2027 ਦੇ ਪਹਿਲੇ ਪੜਾਅ ਤਹਿਤ ਸਵੈ-ਗਿਣਤੀ 30 ਅਪ੍ਰੈਲ 2026 ਤੋਂ ਸ਼ੁਰੂ ਕੀਤੀ ਜਾਣੀ ਹੈ | ਇਸ ਸਵੈ-ਗਿਣਤੀ ਲਈ ਨਾਗਰਿਕ ਅਧਿਕਾਰਕ ਪੋਰਟਲ 'ਤੇ ਲਾਗਇਨ ਕਰਕੇ ਆਪਣੀ ਗਿਣਤੀ ਦੇ ਵੇਰਵੇ ਆਪ ਦਰਜ ਕਰ ਸਕਦਾ ਹੈ | ਇਸ ਨਾਲ ਸਮਾਂ ਬਚੇਗਾ ਅਤੇ ਲੋਕ ਆਪਣੇ ਸੁਵਿਧਾਜਨਕ ਸਮੇਂ ਦੌਰਾਨ ਘਰ ਬੈਠੇ ਹੀ ਮਰਦਮਸ਼ੁਮਾਰੀ ਵਿੱਚ ਹਿੱਸਾ ਲੈ ਸਕਣਗੇ | ਸਰਕਾਰ ਵੱਲੋਂ ਸਵੈ-ਗਿਣਤੀ ਦੀ ਪ੍ਰਕਿਰਿਆ ਨੂੰ ਸੁਰੱਖਿਅਤ ਅਤੇ ਆਸਾਨ ਬਣਾਉਣ ਲਈ ਓ.ਟੀ.ਪੀ ਆਧਾਰਿਤ ਲਾਗਇਨ ਅਤੇ ਡਿਜੀਟਲ ਫਾਰਮ ਦੀ ਸਹੂਲਤ ਦਿੱਤੀ ਗਈ ਹੈ | ਜਮ੍ਹਾਂ ਕਰਨ ਤੋਂ ਬਾਅਦ ਤੁਹਾਨੂੰ ਇਕ ਵਿਸ਼ੇਸ਼ ਆਈ.ਡੀ. ਪ੍ਰਾਪਤ ਹੋਵੇਗੀ, ਜਿਸ ਨੂੰ ਸੰਭਾਲ ਕੇ ਰੱਖੋ, ਜਦੋਂ ਗਿਣਤੀਕਾਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਇਹ ਆਈ.ਡੀ. ਦਿੱਤੀ ਜਾਵੇ | ਗਿਣਤੀਕਾਰ ਇਸ ਆਈ.ਡੀ. ਦੇ ਆਧਾਰ 'ਤੇ ਜਾਣਕਾਰੀ ਦੀ ਪੁਸ਼ਟੀ ਕਰੇਗਾ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੈ-ਗਣਨਾ ਇਕ ਵਿਸ਼ੇਸ਼ ਸਹੂਲਤ ਹੈ | ਜੇਕਰ ਤੁਸੀਂ ਸਵੈ-ਗਣਨਾ ਵਿਚ ਅਸਮਰਥ ਹੋਂ, ਤਾਂ ਚਿੰਤਾ ਨਾ ਕਰੋ | ਗਿਣਤੀਕਾਰ ਜਾਣਕਾਰੀ ਦਰਜ ਕਰਨ ਲਈ ਨਿਰਧਾਰਤ ਸਮੇਂ ਦੌਰਾਨ ਤੁਹਾਡੇ ਘਰ ਜ਼ਰੂਰ ਆਵੇਗਾ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਘਰਾਂ ਦੀ ਸੂਚੀਕਰਨ ਦੀ ਪ੍ਰਕਿਰਿਆ 15 ਮਈ ਤੋਂ 13 ਜੂਨ ਤੱਕ ਕੀਤੀ ਜਾਵੇਗੀ | ਜਿਸ ਵਿੱਚ ਗਿਣਤੀਕਾਰ ਘਰ-ਘਰ ਜਾ ਕੇ ਡਾਟਾ ਇਕੱਠਾ ਕਰਨਗੇ | ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦੌਰਾਨ ਸਹਿਯੋਗ ਦੇਣ ਅਤੇ ਸਹੀ ਜਾਣਕਾਰੀ ਪ੍ਰਦਾਨ ਕਰਨ |