14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਗੈੱਸ ਏਜੰਸੀ ਦੀ ਮਾਲਕਣ ਵਿਰੁੱਧ ਪੁਲਿਸ ਕਾਰਵਾਈ ਤੋਂ ਬਾਅਦ ਏਜੰਸੀ ਦਫ਼ਤਰ ਨੂੰ ਲੱਗਿਆ ਤਾਲਾ

Ad Position 21
No active advertisement
ਅਜੀਤ ਡੈਸਕ 05-05-2026

ਸੰਗਤ ਮੰਡੀ, 4 ਮਈ (ਅੰਮਿ੍ਤਪਾਲ ਸ਼ਰਮਾ, ਸੁਖਤੇਜ ਧਾਲੀਵਾਲ): ਸੰਗਤ ਮੰਡੀ ਵਿਖੇ ਗੈੱਸ ਏਜੰਸੀ ਦੀ ਮਾਲਕਣ ਵਿਰੁੱਧ ਪੁਲਿਸ ਕਾਰਵਾਈ ਤੋਂ ਬਾਅਦ ਸੋਮਵਾਰ ਨੂੰ ਏਜੰਸੀ ਦਫ਼ਤਰ ਨੂੰ ਲੱਗਿਆ ਤਾਲਾ ਖੁੱਲ੍ਹਣ ਦੀ ਉਡੀਕ 'ਚ ਬੈਠੇ ਲੋਕਾਂ ਨੂੰ ਲੰਬਾ ਸਮਾਂ ਇੰਤਜ਼ਾਰ ਤੋਂ ਬਾਅਦ ਖ਼ਾਲੀ ਹੱਥ ਮੁੜਨਾ ਪਿਆ | ਜ਼ਿਕਰਯੋਗ ਹੈ ਕਿ ਅਪ੍ਰੈਲ ਮਹੀਨੇ ਦੇ ਆਖ਼ਰੀ ਦਿਨਾਂ 'ਚ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੂੰ ਮਿਲੇ ਫ਼ਰਜ਼ੀ ਗੈੱਸ ਡਿਲਿਵਰੀ ਦੇ ਸੰਦੇਸ਼ਾਂ ਕਾਰਨ ਲੋਕਾਂ ਦਾ ਪਾਰਾ ਚੜ੍ਹ ਗਿਆ ਸੀ, ਜਿਸ ਕਾਰਨ ਦਰਜਨਾਂ ਪਿੰਡਾਂ ਦੇ ਹਜ਼ਾਰਾਂ ਪਰਿਵਾਰ ਗੈੱਸ ਤੋਂ ਵਾਂਝੇ ਹੋ ਗਏ ਹਨ | ਏਜੰਸੀ ਮਾਲਕਾਂ ਦੀਆਂ ਮਨਮਾਨੀਆਂ ਤੋਂ ਦੁਖੀ ਲੋਕਾਂ 'ਚ ਗੈੱਸ ਨਾ ਮਿਲਣ ਅਤੇ ਫ਼ਰਜ਼ੀ ਡਿਲਿਵਰੀ ਸੰਦੇਸ਼ਾਂ ਦੇ ਚੱਲਦੇ 1 ਮਈ ਦੀ ਰਾਤ ਸਾਢੇ 9 ਵਜੇ ਗੈੱਸ ਸਿਲੰਡਰਾਂ ਦੀ ਭਰੀ ਗੱਡੀ ਸਥਾਨਕ ਦੁਕਾਨਦਾਰਾਂ ਨੇ ਕਾਲਾਬਾਜ਼ਾਰੀ ਦੇ ਸ਼ੱਕ 'ਚ ਘੇਰ ਲਈ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ | ਭਾਵੇਂ ਪੁਲਿਸ ਵਲੋਂ ਏਜੰਸੀ ਮਾਲਕਾਂ ਵਿਰੁੱਧ ਕਾਲਾਬਾਜ਼ਾਰੀ ਦਾ ਮਾਮਲਾ ਦਰਜ ਕਰਕੇ ਲੋਕਾਂ ਨੂੰ ਸ਼ਾਂਤ ਕਰ ਲਿਆ ਹੈ ਪਰ ਗੈੱਸ ਕੰਪਨੀ ਅਤੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਵਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਾ ਕਰਨ 'ਤੇ ਲੋਕਾਂ ਵਲੋਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ | ਲੋਕਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਸ਼ੱਕੀ ਕਰਾਰ ਦਿੰਦੇ ਕਿਹਾ ਕਿ ਜਦੋਂ ਮਾਮਲਾ ਦਰਜ ਹੈ, ਤਾਂ ਗੈੱਸ ਦੇ ਬਦਲਵੇਂ ਪ੍ਰਬੰਧ ਕਿਉਂ ਨਹੀਂ ਕੀਤੇ ਗਏ | ਜਦੋਂ ਕਿ ਏਜੰਸੀ ਦਫ਼ਤਰ ਮੂਹਰੇ ਤਿੰਨ ਦਿਨਾਂ ਬਾਅਦ ਵੀ ਕੋਈ ਨੋਟਿਸ ਬੋਰਡ ਨਹੀਂ ਲਗਾਇਆ ਗਿਆ, ਤਾਂ ਜੋ ਲੋਕਾਂ ਨੂੰ ਏਜੰਸੀ ਖੁੱਲ੍ਹਣ ਜਾਂ ਗੈੱਸ ਸਪਲਾਈ ਬਾਰੇ ਪਤਾ ਲੱਗ ਸਕੇ | ਬੀਕੇਯੂ ਉਗਰਾਹਾਂ ਵਲੋਂ 4 ਮਈ ਨੂੰ ਏਜੰਸੀ ਦਫ਼ਤਰ ਮੂਹਰੇ ਲਾਏ ਜਾਣ ਵਾਲੇ ਧਰਨੇ ਤੋਂ ਪਹਿਲਾਂ ਹੀ ਮਾਮਲਾ ਦਰਜ ਹੋ ਜਾਣ ਕਾਰਨ ਜਥੇਬੰਦੀ ਦੇ ਵਫ਼ਦ ਨੂੰ ਹਰਵਿੰਦਰ ਸਿੰਘ ਸਰਾਂ ਡੀ.ਐੱਸ.ਪੀ. ਬਠਿੰਡਾ ਦਿਹਾਤੀ ਨੇ ਜ਼ਿਲ੍ਹਾ ਫੂਡ ਸਪਲਾਈ ਅਧਿਕਾਰੀ ਨਾਲ ਮੀਟਿੰਗ ਕਰਵਾਈ, ਜਿਸ ਵਿਚ ਉਨ੍ਹਾਂ ਜ਼ਿਲ੍ਹੇ ਦੀਆਂ 6 ਗੈੱਸ ਏਜੰਸੀਆਂ ਅਮਾਨਤ ਗੈੱਸ ਏਜੰਸੀ ਮੌੜ, ਗੋਨਿਆਣਾ ਗੈੱਸ ਸਰਵਿਸ ਗੋਨਿਆਣਾ, ਨਾਰਾਇਣ ਗੈੱਸ ਏਜੰਸੀ ਬਠਿੰਡਾ, ਪਰਮਵੀਰ ਗੈੱਸ ਸਰਵਿਸ ਬਠਿੰਡਾ, ਮਨਰੂਪ ਇੰਡੇਨ ਸਰਵਿਸ ਤਲਵੰਡੀ ਸਾਬੋ, ਮੌੜ ਗੈੱਸ ਸਰਵਿਸ ਮੌੜ ਮੰਡੀ ਵਲੋਂ ਪਿੰਡਾਂ 'ਚ ਗੈੱਸ ਦੀ ਵੰਡ ਕੀਤੇ ਜਾਣ ਬਾਰੇ ਦੱਸਿਆ ਹੈ | ਉਨ੍ਹਾਂ ਦੱਸਿਆ ਕਿ ਗੈੱਸ ਦੀ ਪਹਿਲਾਂ ਬੁਕਿੰਗ ਵਾਲੇ ਖਪਤਕਾਰਾਂ ਨੂੰ ਪਹਿਲ ਦੇ ਅਧਾਰ 'ਤੇ ਗੈੱਸ ਦਿੱਤੀ ਜਾਵੇਗੀ | ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਨੇ ਦੱਸਿਆ ਕਿ ਜੇਕਰ ਉਕਤ ਗੈੱਸ ਏਜੰਸੀਆਂ ਵਲੋਂ ਲੋਕਾਂ ਨੂੰ ਖ਼ੱਜਲ਼-ਖ਼ੁਆਰ ਕੀਤਾ ਗਿਆ ਤਾਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ | ਇਸ ਮੌਕੇ ਸੰਗਤ ਬਲਾਕ ਪ੍ਰਧਾਨ ਰਾਮ ਸਿੰਘ ਕੋਟਗੁਰੂ, ਧਰਮਪਾਲ ਸਿੰਘ ਜੰਡੀਆਂ, ਜਸਕਰਨ ਸਿੰਘ ਕੋਟਗੁਰੂ ਸਮੇਤ ਹੋਰ ਵੀ ਕਿਸਾਨ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਜਿੱਤ 'ਤੇ ਬਠਿੰਡਾ ਵਿਚ ਜਸ਼ਨ-ਵਰਕਰਾਂ ਨੇ ਵੰਡੇ ਲੱਡੂ ਤੇ ਪਾਇਆ ਭੰਗੜਾ ਅਗਲੀ ਖ਼ਬਰ ਸੜਕ ਹਾਦਸਿਆਂ 'ਚ ਤਿੰਨ ਨੌਜਵਾਨ ਜ਼ਖਮੀ
Ad Position 24