ਬਠਿੰਡਾ, 4 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ): ਪੱਛਮੀ ਬੰਗਾਲ, ਆਸਾਮ ਅਤੇ ਪੁਡੁਚੇਰੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਭਾਰਤੀ ਜਨਤਾ ਪਾਰਟੀ ਦੀ ਵੱਡੀ ਜਿੱਤ ਮਗਰੋਂ ਬਠਿੰਡਾ ਸ਼ਹਿਰ ਵਿਚ ਪਾਰਟੀ ਖੇਮੇ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ¢ ਸਥਾਨਕ ਫਾਇਰ ਬਿ੍ਗੇਡ ਚੌਂਕ ਵਿਖੇ ਭਾਜਪਾ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਇਕੱਠੇ ਹੋਏ ਵੱਡੀ ਗਿਣਤੀ ਵਿਚ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਇਕ-ਦੂਜੇ ਨਾਲ ਜਿੱਤ ਦੀ ਖ਼ੁਸ਼ੀ ਮਨਾਈ ਅਤੇ ਢੋਲ ਦੀਆਂ ਧੁਨਾਂ 'ਤੇ ਭੰਗੜਾ ਪਾਇਆ¢ ਪਾਰਟੀ ਵਰਕਰਾਂ ਵਲੋਂ ਪਟਾਖੇ ਚਲਾਏ ਗਏ ਅਤੇ ਸ਼ਹਿਰ ਵਿਚ ਜੇਤੂ ਜਲੂਸ ਵੀ ਕੱਢਿਆ ਗਿਆ¢ ਇਸ ਦੌਰਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਪੰਜ ਰਾਜਾਂ ਦੇ ਚੋਣ ਨਤੀਜਿਆਂ ਨੇ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਸਪੱਸ਼ਟ ਕਰ ਦਿੱਤੀ ਹੈ¢ ਵੋਟਰਾਂ ਨੇ ਨਕਾਰਾਤਮਕ, ਵੰਡਵਾਦੀ ਅਤੇ ਭਰਮ ਫੈਲਾਉਣ ਵਾਲੀ ਰਾਜਨੀਤੀ ਨੂੰ ਨਕਾਰਦੇ ਹੋਏ ਵਿਕਾਸ, ਰਾਸ਼ਟਰਹਿੱਤ ਅਤੇ ਮਜ਼ਬੂਤ ਅਗਵਾਈ ਦੇ ਹੱਕ 'ਚ ਆਪਣਾ ਫ਼ੈਸਲਾ ਦਿੱਤਾ ਹੈ¢ ਉਨ੍ਹਾਂ ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵੋਟਰਾਂ ਨੇ ਜਾਤ-ਪਾਤ ਦੀ ਰਾਜਨੀਤੀ ਕਰਨ ਵਾਲਿਆਂ ਅਤੇ ਵਿਕਾਸ ਕਾਰਜਾਂ ਵਿਚ ਰੁਕਾਵਟ ਪੈਦਾ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ¢ ਸਿੰਗਲਾ ਨੇ ਅੱਗੇ ਕਿਹਾ ਕਿ ਧਾਰਾ 370 ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਜਨਤਾ ਨੇ ਸ਼ੀਸ਼ਾ ਵਿਖਾ ਦਿੱਤਾ ਹੈ¢ ਪੱਛਮੀ ਬੰਗਾਲ 'ਚ ਇਤਿਹਾਸਕ ਜਿੱਤ ਸੰਬੰਧੀ ਉਨ੍ਹਾਂ ਕਿਹਾ ਕਿ ਉੱਥੇ ਦੇ ਲੋਕਾਂ ਨੇ ਬਿਨਾਂ ਡਰ ਅਤੇ ਦਬਾਅ ਦੇ ਵੋਟ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਕੀਤਾ ਹੈ¢
ਭਾਜਪਾ ਦੀ ਜਿੱਤ 'ਤੇ ਬਠਿੰਡਾ ਵਿਚ ਜਸ਼ਨ-ਵਰਕਰਾਂ ਨੇ ਵੰਡੇ ਲੱਡੂ ਤੇ ਪਾਇਆ ਭੰਗੜਾ
ਅਜੀਤ ਡੈਸਕ
05-05-2026