ਮਹਿਮਾ ਸਰਜਾ, 4 ਮਈ (ਬਲਦੇਵ ਸੰਧੂ): ਪੰਜਾਬ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ | ਇਸ ਮੁਹਿੰਮ ਦੇ ਅਧੀਨ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕਰਕੇ ਉਨ੍ਹਾਂ ਦੇ ਪਾਸੋਂ ਨਸ਼ੀਲਾ ਸਮਾਨ ਬਰਾਮਦ ਕੀਤਾ ਹੈ | ਪਹਿਲੇ ਮਾਮਲੇ ਵਿਚ ਪੁਲਿਸ ਨੇ ਗੁਰਭਗਤ ਸਿੰਘ ਵਾਸੀ ਗੰਗਾ (ਅਬਲੂ) ਨੂੰ ਨੇੜਲੇ ਪਿੰਡ ਦਾਨ ਸਿੰਘ ਵਾਲਾ ਤੋਂ ਕਾਬੂ ਕੀਤਾ | ਉਸ ਦੀ ਤਲਾਸ਼ੀ ਦੌਰਾਨ ਉਸ ਦੇ ਪਾਸੋਂ 15.45 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸ ਸੰਬੰਧੀ ਪੁਲਿਸ ਵਲੋਂ ਦੋਸ਼ੀ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ, ਜੋ ਹਵਾਲਾਤ ਵਿਖੇ ਬੰਦ ਹੈ | ਦੂਜੇ ਮਾਮਲੇ ਵਿਚ ਗੁਰਵਿੰਦਰ ਸਿੰਘ ਵਾਸੀ ਅਬਲੂ (ਕੋਟਲੀ) ਨੂੰ ਪਿੰਡ ਮਹਿਮਾ ਸਰਜਾ ਤੋਂ ਗਿ੍ਫ਼ਤਾਰ ਕੀਤਾ ਗਿਆ | ਉਸ ਦੇ ਪਾਸੋਂ ਤਿੰਨ ਗ੍ਰਾਮ ਹੈਰੋਇਨ ਬਰਾਮਦ ਹੋਈ | ਇਸ ਮਾਮਲੇ ਵਿਚ ਵੀ ਪੁਲਿਸ ਨੇ ਨਸ਼ਾ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ | ਹਾਲਾਂਕਿ, ਦੋਸ਼ੀ ਨੂੰ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ | ਥਾਣਾ ਨੇਹੀਆਂ ਵਾਲਾ ਦੇ ਐੱਸ.ਐੱਚ.ਓ ਦਿਲਬਾਗ ਸਿੰਘ ਬਰਾੜ ਨੇ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਕਿਸੇ ਵੀ ਤਰ੍ਹਾਂ ਦੇ ਗ਼ੈਰਕਾਨੰੂਨੀ ਧੰਦੇ ਵਿਚ ਸ਼ਾਮਲ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ |