ਗੋਨਿਆਣਾ, 4 ਮਈ (ਲਛਮਣ ਦਾਸ ਗਰਗ)-ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ 18.45 ਗ੍ਰਾਮ ਚਿੱਟਾ ਬਰਾਮਦ ਕੀਤਾ | ਥਾਣਾ ਮੁਖੀ ਦਿਲਬਾਗ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਲਾਕੇ ਦੇ ਪਿੰਡ ਦਾਨ ਸਿੰਘ ਵਾਲਾ ਕੋਲ ਇਕ ਨਸ਼ਾ ਤਸਕਰ ਨਸ਼ੇ ਦੀ ਖਰੀਦੋ ਫਰੋਖਤ ਕਰਨ ਦੀ ਆੜ ਵਿਚ ਘੁੰਮ ਰਿਹਾ ਹੈ | ਜਿਸ ਤਹਿਤ ਪੁਲਿਸ ਨੇ ਉੱਕਤ ਪਿੰਡ ਕੋਲ ਟਰੈਪ ਲਗਾਕੇ ਜਦੋਂ ਉੱਥੋਂ ਲੰਘ ਰਹੇ ਇਕ ਸ਼ੱਕੀ ਵਿਅਕਤੀ ਦੀ ਤਲਾਸ਼ੀ ਲਈ ਤਾਂ ਪੁਲਿਸ ਨੇ ਉਸ ਕੋਲੋਂ 15.45 ਗ੍ਰਾਮ ਚਿੱਟਾ ਬਰਾਮਦ ਕੀਤਾ | ਪੁਲਿਸ ਨੇ ਨਸ਼ਾ ਤਸਕਰ ਦੀ ਪਹਿਚਾਨ ਗੁਰਭਗਤ ਸਿੰਘ (ਭਗਤੂ) ਪੁੱਤਰ ਇਕੱਤਰ ਸਿੰਘ ਵਾਸੀ ਗੰਗਾ ਅਬਲੂ ਕੀ ਵਜੋਂ ਕੀਤੀ ਹੈ | ਪੁਲਿਸ ਨੇ ਭਗਤੂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸੇ ਤਰ੍ਹਾਂ ਇਕ ਹੋਰ ਸੂਚਨਾ ਅਨੁਸਾਰ ਪੁਲਿਸ ਨੇ ਪਿੰਡ ਮਹਿਮਾ ਸਰਜਾ ਕੋਲ ਟਰੈਪ ਲਗਾ ਕੇ ਜਦੋਂ ਇਕ ਸ਼ੱਕੀ ਵਿਅਕਤੀ ਦੀ ਤਲਾਸੀ ਲਈ ਤਾਂ ਪੁਲਿਸ ਨੇ ਉਸ ਕੋਲੋਂ 3 ਗ੍ਰਾਮ ਚਿੱਟਾ ਬਰਾਮਦ ਕੀਤਾ | ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਨਸ਼ਾ ਤਸਕਰ ਦੀ ਪਹਿਚਾਣ ਗੁਰਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਅਬਲੂ ਵਜੋਂ ਕੀਤੀ ਹੈ | ਪੁਲਿਸ ਨੇ ਗੁਰਵਿੰਦਰ ਸਿੰਘ ਖ਼ਿਲਾਫ਼ ਵੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |