ਮਾਨਸਾ, 4 ਮਈ (ਗੁਰਚੇਤ ਸਿੰਘ ਫੱਤੇਵਾਲੀਆ)- ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਜ਼ਿਲ੍ਹੇ 'ਚ ਸੇਫ਼ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਨ ਲਈ ਵਿਭਾਗੀ ਪੱਧਰ 'ਤੇ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਦੀ ਸਮੀਖਿਆ ਕਰਦਿਆਂ ਸਕੂਲੀ ਵਾਹਨਾਂ ਦੀ ਜਾਂਚ ਦੌਰਾਨ ਬੇਨਿਯਮੀਆਂ ਪਾਏ ਜਾਣ 'ਤੇ ਵਾਹਨਾਂ ਨੂੰ ਜ਼ਬਤ ਕੀਤੇ ਜਾਣ ਦੀ ਹਦਾਇਤ ਕੀਤੀ ਹੈ |ਉਨ੍ਹਾਂ ਕਿਹਾ ਕਿ ਜਿਹੜੇ ਸਕੂਲਾਂ ਦੇ ਮੁਖੀ ਪ੍ਰਸ਼ਾਸਨਿਕ ਅਪੀਲਾਂ ਦੇ ਬਾਵਜੂਦ ਪਾਲਿਸੀ ਦੀ ਉਲੰਘਣਾ ਕਰਦੇ ਪਾਏ ਜਾਣਗੇ, ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਉਕਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਲਈ ਸੁਚੇਤ ਕੀਤਾ ਜਾਵੇ | ਡੀ.ਸੀ. ਨੇ ਸਮੂਹ ਐਸ.ਡੀ.ਐਮਜ਼, ਆਰ.ਟੀ.ਓ. ਅਤੇ ਪੁਲਿਸ ਅਧਿਕਾਰੀਆਂ ਨੂੰ ਸਕੂਲੀ ਵਾਹਨਾਂ ਦੀ ਨਿਯਮਿਤ ਜਾਂਚ ਨੂੰ ਹੋਰ ਤੇਜ਼ ਕਰਨ ਦੀ ਹਦਾਇਤ ਕੀਤੀ | ਉਨ੍ਹਾਂ ਅਧਿਕਾਰੀਆਂ ਨੂੰ ਸਕੂਲੀ ਵਾਹਨਾਂ 'ਚ ਫ਼ਸਟ ਏਡ ਬਾਕਸ, ਅੱਗ ਨਿਯੰਤ੍ਰਣ ਯੰਤਰਾਂ, ਐਮਰਜੈਂਸੀ ਦਰਵਾਜ਼ਾ, ਪਰਮਿਟ, ਮਹਿਲਾ ਸਹਾਇਕ, ਸੀਟਾਂ ਦੀ ਸਮਰੱਥਾ ਆਦਿ ਮਾਪਦੰਡਾਂ ਦੀ ਚੈਕਿੰਗ ਕਰਦੇ ਰਹਿਣ ਦੇ ਹੁਕਮ ਦਿੱਤੇ | ਇਸ ਮੌਕੇ ਉਪ ਮੰਡਲ ਮੈਜਿਸਟਰੇਟ ਬਲਜੀਤ ਕੌਰ, ਹਰਜਿੰਦਰ ਸਿੰਘ ਜੱਸਲ ਕ੍ਰਮਵਾਰ ਮਾਨਸਾ ਤੇ ਸਰਦੂਲਗੜ੍ਹ, ਉਪ ਮੰਡਲ ਮੈਜਿਸਟਰੇਟ ਬੁਢਲਾਡਾ ਤੇ ਆਰ.ਟੀ.ਓ ਗਗਨਦੀਪ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ |