ਬਰੇਟਾ, 4 ਮਈ (ਜੀਵਨ ਸ਼ਰਮਾ)- ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸੂਬਾ ਸਰਕਾਰ ਵਲੋਂ ਰਾਜ ਦੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਇੱਕ-ਇੱਕ ਪਿੰਡ 'ਚ ਨਵੇਂ ਬਣੇ ਖੇਡ ਮੈਦਾਨਾਂ ਦੇ ਆਨਲਾਈਨ ਉਦਘਾਟਨ ਕੀਤੇ ਗਏ ਹਨ, ਜਿਸ ਤਹਿਤ ਪਿੰਡ ਭਾਵਾ ਦੇ ਖੇਡ ਮੈਦਾਨ ਦਾ ਉਦਘਾਟਨ ਕਰ ਕੇ ਨੌਜਵਾਨਾਂ ਦੇ ਸਪੁਰਦ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਪਿੰਡ ਭਾਵਾ ਵਿਖੇ ਖੇਡ ਮੈਦਾਨ ਦਾ ਉਦਘਾਟਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਕੇ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ, ਜਦੋਂ ਕਿ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚ ਧੱਕਿਆ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵਲੋਂ ਚੋਣਾਂ ਮੌਕੇ ਕੀਤਾ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ ਅਤੇ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ | ਇਸ ਮੌਕੇ ਸਰਪੰਚ ਬਿੱਕਰ ਸਿੰਘ ਭਾਵਾ, ਗੁਰਦੀਪ ਸਿੰਘ ਦਿਆਲਪੁਰਾ, ਸਰਪੰਚ ਰਜਿੰਦਰ ਕੁਮਾਰ ਗੋਬਿੰਦਪੁਰਾ, ਲਲਿਤ ਕੁਮਾਰ ਬਰੇਟਾ, ਕੇਸਰ ਸਿੰਘ ਧਰਮਪੁਰਾ, ਬਲਜਿੰਦਰ ਕੁਮਾਰ ਬੁਢਲਾਡਾ, ਗੋਰਾ ਸਿੰਘ ਧਰਮਪੁਰਾ, ਨਿੱਕਾ ਸਿੰਘ ਬਲਾਕ ਸੰਮਤੀ ਮੈਂਬਰ ਆਦਿ ਹਾਜ਼ਰ ਸਨ |