ਬਠਿੰਡਾ, 5 ਮਈ (ਅਵਤਾਰ ਸਿੰਘ ਕੈਂਥ)-ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ ਚਾਰ 'ਤੇ ਜੈਪੁਰ ਤੋਂ ਆ ਰਹੀ ਇਕ ਰੇਲਗੱਡੀ ਵਿਚ ਇਕ ਅਣਪਛਾਤੀ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਸੰਦੀਪ ਗਿੱਲ, ਗੁੱਲੀ ਠਾਕੁਰ ਐਂਬੂਲੈਂਸ ਟੀਮ ਸਮੇਤ ਪਲੇਟਫਾਰਮ ਨੰਬਰ 4 'ਤੇ ਪਹੁੰਚੇ, ਜਿੱਥੇ ਖੜ੍ਹੀ ਰੇਲ ਗੱਡੀ ਦੇ ਇਕ ਡੱਬੇ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਸੀ | ਸਹਾਰਾ ਟੀਮ ਨੇ ਜੀਆਰਪੀ ਪੁਲਿਸ ਸਟੇਸ਼ਨ ਨੂੰ ਸੂਚਿਤ ਕਰਕੇ ਜਾਂਚ ਲਈ ਬੁਲਾਇਆ, ਜੀ ਆਰ ਪੀ ਟੀਮ ਨੇ ਜਾਂਚ ਸ਼ੁਰੂ ਕਰਨ ਬਾਅਦ ਸਹਾਰਾ ਟੀਮ ਦੀ ਮੱਦਦ ਨਾਲ ਰੇਲਗੱਡੀ ਦੇ ਡੱਬੇ ਵਿਚੋਂ ਲਾਸ਼ ਨੂੰ ਬਾਹਰ ਕੱਢਿਆ, ਮਿ੍ਤਕ ਦੀ ਪਹਿਚਾਣ ਨਹੀਂ ਹੋਈ | ਪੁਲਿਸ ਕਾਰਵਾਈ ਤੋਂ ਬਾਅਦ, ਸਹਾਰਾ ਟੀਮ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਲੈ ਗਈ | ਸਹਾਰਾ ਜਨ ਸੇਵਾ ਦੇ ਵਿਜੇ ਗੋਇਲ ਨੇ ਕਿਹਾ ਕਿ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਇਸ ਦੀ ਪਛਾਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ |