ਬਾਲਿਆਂਵਾਲੀ, 5 ਮਈ (ਕੁਲਦੀਪ ਮਤਵਾਲਾ): ਜ਼ਿਲ੍ਹਾ ਬਠਿੰਡਾ ਦੇ ਪਿੰਡ ਢੱਡੇ ਦੇ ਵਾਤਾਵਰਨ ਪ੍ਰੇਮੀ ਸਤਪਾਲ ਸਿੰਘ ਫ਼ੌਜੀ ਵਲੋਂ ਡੀ.ਸੀ. ਬਠਿੰਡਾ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਕਣਕਾਂ ਦੇ ਟਾਂਗਰ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਸਤਪਾਲ ਸਿੰਘ ਸਾਬਕਾ ਫ਼ੌਜੀ ਨੇ ਦੱਸਿਆ ਕਿ ਪੰਜਾਬ 'ਚ ਹਾੜੀ ਦੇ ਸੀਜ਼ਨ ਦੌਰਾਨ ਕਣਕ ਦੇ ਟਾਂਗਰਾਂ ਨੂੰ ਸ਼ਰੇਆਮ ਅੱਗ ਲਗਾਈ ਜਾ ਰਹੀ ਹੈ ਜੋ ਕਿ ਕੁਦਰਤ ਨਾਲ ਵੱਡਾ ਖਿਲਵਾੜ ਤੇ ਮਹਾਂ ਪਾਪ ਹੈ | ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ ਦਿਨ ਅਤੇ ਰਾਤ ਦੋਵੇਂ ਸਮੇਂ ਟਾਂਗਰਾਂ ਨੂੰ ਅੱਗ ਲਗਾਉਣ ਨਾਲ ਧਰਤੀ ਦੇ ਜੀਵ ਤੇ ਪੰਛੀਆਂ ਦੇ ਅੰਡਿਆਂ ਅਤੇ ਮਾਸੂਮ ਬੱਚਿਆਂ ਨੂੰ ਅੱਗ 'ਚ ਜਿਉਂਦਿਆਂ ਨੂੰ ਸਾੜ ਕੇ ਘਿਣਾਉਣਾ ਅਪਰਾਧ ਕੀਤਾ ਜਾ ਰਿਹਾ ਹੈ | ਅੱਗ ਨਾਲ ਦਰੱਖਤਾਂ ਨੂੰ ਵੀ ਬੇਖ਼ੌਫ ਮਚਾਇਆ ਜਾ ਰਿਹਾ ਹੈ | ਅੱਗ ਕਾਰਨ ਰਾਤ ਦੇ ਹਨ੍ਹੇਰੇ 'ਚ ਸਿਰਫ਼ ਅੱਗ ਦੇ ਭਾਂਬੜ ਮੱਚਦੇ ਦਿਸਦੇ ਹਨ, ਜੋ ਸਬੰਧਿਤ ਵਿਭਾਗ ਨੂੰ ਵਿਖਾਈ ਨਹੀਂ ਦੇ ਰਿਹਾ | ਉਨ੍ਹਾਂ ਕਿਹਾ ਕਿ ਸੜਕਾਂ 'ਤੇ ਲੰਘਣ ਵਾਲੇ ਵਾਹਨਾਂ ਖ਼ਾਸਕਰ ਕੇ ਦੋਪਹੀਆ ਵਾਹਨ ਸਵਾਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਸਤਪਾਲ ਸਿੰਘ ਨੇ ਪ੍ਰਦੂਸ਼ਣ ਕੰਟਰੋਲ ਬੋਰਡ 'ਤੇ ਦੋਸ਼ ਲਾਇਆ ਕਿ ਪੰਜਾਬ ਅੱਗ ਦੇ ਭਾਂਬੜਾਂ 'ਚ ਮੱਚ ਰਿਹਾ ਹੈ ਤੇ ਅੱਗ 'ਚੋਂ ਨਿਕਲ ਰਹੇ ਜ਼ਹਿਰੀਲੇ ਧੂੰਏਾ ਕਾਰਨ ਲੋਕਾਂ ਨੂੰ ਸਾਹ ਲੈਣਾ ਮੁਹਾਲ ਹੋ ਰਿਹਾ ਹੈ ਪ੍ਰੰਤੂ ਪ੍ਰਦੂਸ਼ਣ ਕੰਟਰੋਲ ਵਿਭਾਗ ਕੁੰਭਕਰਨੀ ਨੀਂਦ ਸੌਂ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਜਿੱਥੇ ਪੰਛੀ ਤੇ ਹੋਰ ਜਾਨਵਰ ਅੱਗ ਦੀ ਭੇਟ ਚੜ੍ਹਦੇ ਹਨ, ਉੱਥੇ ਟਾਂਗਰ ਦੇ ਧੰੂਏਾ ਕਾਰਨ ਪਲੀਤ ਹੋਏ ਵਾਤਾਵਰਨ 'ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਸਾਹ-ਦਮਾਂ ਤੇ ਚਮੜੀ ਰੋਗ ਹੋ ਰਹੇ ਹਨ ਅਤੇ ਬਜ਼ੁਰਗਾਂ ਤੇ ਬੱਚਿਆਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ | ਵਾਤਾਵਰਨ ਪ੍ਰੇਮੀ ਸਤਪਾਲ ਸਿੰਘ ਢੱਡੇ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਅਪੀਲ ਕੀਤੀ ਕਿ ਉਜਾੜੇ ਜਾ ਰਹੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ ਅਤੇ ਟਾਂਗਰ ਨੂੰ ਅੱਗ ਲਗਾਉਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ |