ਬਠਿੰਡਾ 'ਚ ਚੋਣਾਂ ਦੌਰਾਨ ਦਿਨ ਭਰ ਸਥਿਤੀ ਰਹੀ ਤਣਾਅ ਪੂਰਵਕ • ਕਈ ਥਾਂ 'ਆਪ' ਤੇ ਵਿਰੋਧੀ ਧਿਰਾਂ 'ਚ ਹੋਈ ਤਲਖਬਾਜ਼ੀ • ਭੁੱਚੋ ਦੇ 'ਆਪ' ਵਿਧਾਇਕ ਅਤੇ ਬਠਿੰਡਾ ਦਿਹਾਤੀ ਹਲਕਾ ਇੰਚਾਰਜ ਨੂੰ ਲੋਕਾਂ ਨੇ ਬੇਰੰਗ ਮੋੜਿਆ
ਅਜੀਤ ਡੈਸਕ
27-05-2026
ਬਠਿੰਡਾ, 26 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਦੌਰਾਨ ਦਿਨ ਭਰ ਸ਼ਹਿਰ 'ਚ ਸਥਿਤੀ ਤਣਾਓ ਪੂਰਵਕ ਬਣੀ ਰਹੀ, ਜਿਸ ਦੀ ਸ਼ੁਰੂਆਤ ਬੀਤੀ ਦੇਰ ਰਾਤ ਵਾਰਡ ਨੰਬਰ 3 ਦੀ ਆਜ਼ਾਦ ਉਮੀਦਵਾਰ ਰਮਨਜੀਤ ਕੌਰ ਦੇ ਘਰ 'ਤੇ ਗੋਲੀਬਾਰੀ ਹੋਣ ਅਤੇ ਵਾਰਡ ਨੰਬਰ 2 ਦੇ ਭਾਜਪਾ ਮੰਡਲ ਪ੍ਰਧਾਨ ਵਲੋਂ ਵੋਟਰਾਂ ਨੂੰ ਲਾਲਚ ਦੇਣ ਦੇ ਦੋਸ਼ 'ਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਦੀ ਸ਼ਿਕਾਇਤ ਦੇ ਹਿਰਾਸਤ 'ਚ ਲੈਣ ਵੇਲੇ ਹੀ ਹੋ ਗਈ ਸੀ | ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਕੁਝ ਥਾਵਾਂ 'ਤੇ 'ਆਪ' ਦੇ ਆਗੂਆਂ ਨੂੰ ਪੋਲਿੰਗ ਬੂਥਾਂ ਵਿਚ ਜਾਣ ਦੀ ਖੁੱਲ੍ਹ ਦੇਣ ਅਤੇ ਵਿਰੋਧੀ ਧਿਰਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਆਗੂਆਂ ਨੂੰ ਦੋ ਤੋਂ ਵੱਧ ਅੰਦਰ ਜਾਣ ਤੋਂ ਰੋਕਣ 'ਤੇ ਵਿਰੋਧੀ ਧਿਰਾਂ ਦੀ ਆਪ ਆਗੂਆਂ ਅਤੇ ਪੁਲਿਸ ਨਾਲ ਤਲਖ਼ੀ ਦੇਖਣ ਨੂੰ ਮਿਲੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਾਰਡ ਨੰਬਰ 38 ਤੋਂ ਉਮੀਦਵਾਰ ਦੇ ਪਤੀ ਬੀਰੂ ਬਾਂਸਲ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਪੋਲਿੰਗ ਸਟੇਸ਼ਨ ਅੰਦਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲਗਾਏ ਗਏ ਸੀ.ਸੀ.ਟੀ.ਵੀ. ਕੈਮਰੇ ਨਾਲ ਛੇੜਛਾੜ ਕਰਕੇ ਉਨ੍ਹਾਂ ਨੂੰ ਜਾਣਬੁੱਝ ਕੇ ਖ਼ਰਾਬ ਕਰ ਦਿੱਤਾ ਗਿਆ ਤੇ ਅਜਿਹਾ ਸੱਤਾਧਾਰੀ ਧਿਰ ਵਲੋਂ ਚੋਣਾਂ 'ਚ ਗੜਬੜੀ ਕਰਨ ਲਈ ਕੀਤਾ ਗਿਆ ਹੈ | ਬਾਂਸਲ ਵਲੋਂ ਸੂਚਨਾ ਦੇਣ 'ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਮੌਕੇ 'ਤੇ ਪੁੱਜੇ ਜਿਨ੍ਹਾਂ ਨੇ ਕੈਮਰਿਆਂ ਸਬੰਧੀ ਸ਼ਿਕਾਇਤ ਚੋਣ ਅਬਜ਼ਰਵਰ ਨੂੰ ਕੀਤੀ, ਜਿਸ ਬਾਅਦ ਚੋਣ ਅਬਜ਼ਰਵਰ ਨੇ ਉਕਤ ਪੋਲਿੰਗ ਸਟੇਸ਼ਨ ਦਾ ਦੌਰਾ ਕੀਤਾ ਤੇ ਤੁਰੰਤ ਕੈਮਰੇ ਸਹੀ ਕਰਵਾਉਣ ਦਾ ਭਰੋਸਾ ਦਿੱਤਾ | ਇਸ ਤੋਂ ਇਲਾਵਾ ਵਾਰਡ ਨੰਬਰ 13 ਵਿਚ ਵੀ ਸ਼ਰਾਰਤੀ ਅਨਸਰਾਂ ਵਲੋਂ ਅਕਾਲੀ ਵਰਕਰਾਂ ਦੇ ਸੱਟਾਂ ਮਾਰਨ ਤੇ ਉਨ੍ਹਾਂ ਦੀ ਗੱਡੀ ਭੰਨਤੋੜ ਕਰਨ ਦੀ ਖਬਰ ਮਿਲੀ ਹੈ, ਜਿਸ ਦਾ ਪਤਾ ਚੱਲਦਿਆਂ ਮੌਕੇ 'ਤੇ ਪੁੱਜੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਐਸ.ਪੀ.ਸਿਟੀ ਨਰਿੰਦਰ ਸਿੰਘ ਨਾਲ ਗੱਲ ਕਰਦਿਆਂ ਦੋਸ਼ ਲਗਾਇਆ ਕਿ ਇਹ ਚੋਣਾਂ ਪੁਲਿਸ ਅਤੇ ਸ਼ੋ੍ਰਮਣੀ ਅਕਾਲੀ ਦਲ ਦਰਮਿਆਨ ਹੋ ਰਹੀਆਂ ਹਨ | ਲੋਕਤੰਤਰ ਦਾ ਸ਼ਰ੍ਹੇਆਮ ਕਤਲ ਕੀਤਾ ਗਿਆ ਅਤੇ ਚੋਣ ਲੁੱਟੀ ਜਾ ਰਹੀ ਹੈ | ਪੁਲਿਸ ਮੂਕਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ | ਇਸੇ ਤਰ੍ਹਾਂ ਪਰਸ ਰਾਮ ਨਗਰ ਤੋਂ ਅਕਾਲੀ ਉਮੀਦਵਾਰ ਕਰਨਵੀਰ ਰਾਹੀ ਦੇ ਪਿਤਾ ਨੇ ਇਕ ਆਪ ਆਗੂ 'ਤੇ ਵੋਟਰਾਂ ਨੂੰ ਲਾਲਚ ਦੇਣ ਦੇ ਦੋਸ਼ ਲਗਾਏ, ਜਿਸ ਦੌਰਾਨ ਸਥਿਤੀ ਤਣਾਓ ਪੂਰਵਕ ਬਣ ਗਈ ਪਰ ਕੁਝ ਲੋਕਾਂ ਨੇ ਵਿਚਕਾਰ ਪੈ ਉਨ੍ਹਾਂ ਨੂੰ ਸ਼ਾਂਤ ਕੀਤਾ | ਕੁਝ ਥਾਵਾਂ 'ਤੇ ਜਾਅਲੀ ਵੋਟਾਂ ਪਾਉਣ ਦਾ ਮਾਮਲਾ ਵੀ ਸਾਹਮਣੇ ਆਇਆ, ਜਿੱਥੇ ਕਥਿਤ ਦੋਸ਼ੀਆਂ ਨੂੰ ਦਬੋਚ ਕੇ ਪੁਲਿਸ ਹਵਾਲੇ ਕੀਤਾ ਗਿਆ | ਤਣਾਓ ਵਾਲੇ ਹਾਲਾਤਾਂ ਨੂੰ ਦੇਖਦਿਆਂ ਜਿੱਥੇ ਪੋਲਿੰਗ ਸਟੇਸ਼ਨਾਂ 'ਤੇ ਪੁਲਿਸ ਦਾ ਸਖ਼ਤ ਪਹਿਰਾ ਰਿਹਾ, ਉੱਥੇ ਪੁਲਿਸ ਪਾਰਟੀਆਂ ਸਾਰਾ ਦਿਨ ਸ਼ਹਿਰ 'ਚ ਘੁੰਮਦੀਆਂ ਰਹੀਆਂ ਤੇ ਬਾਹਰੀ ਲੋਕਾਂ ਨੂੰ ਸ਼ਹਿਰੋਂ ਬਾਹਰ ਕੱਢਣ ਦਾ ਕੰਮ ਜਾਰੀ ਰਿਹਾ |