ਭਗਤਾ ਭਾਈਕਾ, 26 ਮਈ (ਸੁਖਪਾਲ ਸਿੰਘ ਸੋਨੀ)-ਸਥਾਨਿਕ ਸਬ ਤਹਿਸੀਲ ਅਧੀਨ ਪੈਂਦੀਆਂ ਤਿੰਨ ਨਗਰ ਪੰਚਾਇਤਾਂ ਭਗਤਾ ਭਾਈਕਾ, ਕੋਠਾ ਗੁਰੂ ਅਤੇ ਮਲੂਕਾ ਵਿਖੇ ਅਮਨ ਸਾਂਤੀ ਬਰਕਰਾਰ ਰੱਖਣ ਸੰਬੰਧੀ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ | ਵੋਟਿੰਗ ਅਰੰਭ ਹੋਣ ਤੋਂ ਕੁਝ ਸਮੇਂ ਬਾਅਦ ਹੀ ਮਨੋਜ ਕੁਮਾਰ ਡੀ.ਐਸ.ਪੀ ਫੂਲ ਵਲੋਂ ਆਪਣੀ ਟੀਮ ਸਮੇਤ ਉਕਤ ਤਿੰਨੇ ਨਗਰ ਪੰਚਾਇਤਾਂ ਦੇ ਬੂਥਾਂ ਦਾ ਦੌਰਾ ਕਰਕੇ ਹਾਜ਼ਰ ਪੁਲਿਸ ਅਧਿਕਾਰੀਆਂ ਕਿਸੇ ਕਿਸਮ ਦੀ ਢਿੱਲ ਨਾ ਵਰਤਣ ਦੇ ਆਦੇਸ਼ ਦਿੱਤੇ | ਸਥਾਨਕ ਸਰਕਾਰੀ ਹਾਈ ਗਰਲਜ਼ ਸਕੂਲ (ਪਿੰਡ) ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ.ਐਸ.ਪੀ ਮਨੋਜ ਕੁਮਾਰ ਨੇ ਕਿਹਾ ਕਿ ਵੋਟਿੰਗ ਸੰਬੰਧੀ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਅਨੁਸਾਰ ਭਗਤਾ ਭਾਈਕਾ, ਕੋਠਾ ਗੁਰੂ ਅਤੇ ਮਲੂਕਾ ਵਿਖੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਟੀਮਾਂ ਤਾਇਨਾਤ ਰਹੀਆਂ | ਉਨ੍ਹਾਂ ਵਲੋਂ ਸੁਰੱਖਿਆ ਟੀਮਾਂ ਨੂੰ ਵੋਟਿੰਗ ਦੌਰਾਨ ਹੁੱਲੜਬਾਜ਼ੀ, ਸ਼ਰਾਰਤਬਾਜ਼ੀ ਬਰਦਾਸ਼ਤ ਨਾ ਕਰਨ ਦੇ ਆਦੇਸ਼ ਦਿੱਤੇ ਗਏ, ਜਿਸ ਦੀ ਬਦੌਲਤ ਤਿੰਨੇ ਨਗਰ ਪੰਚਾਇਤਾਂ ਦੀ ਵੋਟਿੰਗ ਪੂਰਨ ਅਮਨ ਅਮਾਨ ਨਾਲ ਹੋਈ | ਗਰਮੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਤੇ ਉਮੀਦਵਾਰਾਂ ਵਲੋਂ ਵੋਟਰਾਂ ਲਈ ਛਾਂ ਅਤੇ ਠੰਡੇ ਪਾਣੀ ਅਤੇ ਕੂਲਰਾਂ ਦੇ ਖ਼ਾਸ ਪ੍ਰਬੰਧ ਰਹੇ |