ਮੌੜ ਮੰਡੀ, 26 ਮਈ (ਗੁਰਜੀਤ ਸਿੰਘ ਕਮਾਲੂ): ਚੋਣਾਂ ਤੋਂ ਪਹਿਲੀ ਰਾਤ ਨੂੰ 10 ਕੁ ਵਜੇ ਵਾਰਡ ਨੰਬਰ-5 ਵਿਚ ਜ਼ਬਰਦਸਤ ਲੜਾਈ ਹੋਈ, ਜਿਸ ਵਿਚ ਲਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਇਸ ਮਾਮਲੇ ਵਿਚ ਪੁਲਿਸ ਵਲੋਂ ਕੁਝ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਵੀ ਦਰਜ਼ ਕੀਤਾ ਹੈ | ਥਾਣਾ ਮੌੜ ਦੇ ਮੁਖੀ ਤਰਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਾਰਡ ਨੰਬਰ-5 ਦੀ ਉਮੀਦਵਾਰ ਅਮਨਦੀਪ ਕੌਰ ਪਤਨੀ ਸ਼ਿਵਕਰਨ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ ਨੇ ਥਾਣਾ ਮੌੜ ਵਿਚ ਆਪਣੇ ਬਿਆਨ ਲਿਖਾਏ ਕਿ ਕੁਝ ਵਿਅਕਤੀ ਰਾਤ ਦੇ ਸਮੇਂ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਆਏ, ਜਿਸ ਦੌਰਾਨ ਹੋਈ ਝੜਪ ਵਿਚ ਉਨ੍ਹਾਂ ਦੇ ਕੁਝ ਵਿਅਕਤੀਆਂ ਦੇ ਸੱਟਾਂ ਮਾਰੀਆਂ | ਜਿਸ ਨੂੰ ਲੈ ਕੇ ਮੌੜ ਪੁਲਿਸ ਵਲੋਂ ਮੁਕੱਦਮਾ ਨੰ: 89 ਦਰਜ਼ ਕਰ ਲਿਆ ਹੈ | ਉੱਧਰ ਦੂਸਰੀ ਧਿਰ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਿਸੇ ਦੇ ਘਰ ਵੋਟਾਂ ਲਈ ਗਏ ਸਨ, ਜਿਸ 'ਤੇ ਉਕਤ ਘਰ ਵਾਲਿਆਂ ਨੇ ਉਨ੍ਹਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਤਾਂ ਇਸ ਦੌਰਾਨ ਗੱਲ ਵਧ ਗਈ ਅਤੇ ਮਾਮਲਾ ਲੜਾਈ ਤੱਕ ਪਹੁੰਚ ਗਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸਰਕਾਰ ਦੀ ਸ਼ਹਿਰ 'ਤੇ ਗੁੰਡਾਗਰਦੀ ਕੀਤੀ ਹੈ |