ਭੁੱਚੋ ਮੰਡੀ, 2 ਜੂਨ (ਪਰਵਿੰਦਰ ਸਿੰਘ ਜੌੜਾ/ਬਿੱੱਕਰ ਸਿੰਘ ਸਿੱਧੂ)- ਇੱਥੇ ਪੁਰਾਣੀ ਦਾਣਾ ਮੰਡੀ ਦੇ ਪੰਚਾਇਤੀ ਧਰਮਸ਼ਾਲਾ ਵਾਲੇ ਪਲਾਟ 'ਚ ਸਥਿਤ ਖਾਦ ਅਤੇ ਕੀਟਨਾਸ਼ਕ ਦਵਾਈਆਂ ਦੀ ਦੁਕਾਨ ਨੂੰ ਦੁਪਹਿਰ ਸਮੇਂ ਅੱਗ ਲੱਗ ਗਈ, ਨਾਲ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ | ਘਟਨਾ ਸਮੇਂ ਕੋਈ ਵੀ ਦੁਕਾਨ ਅੰਦਰ ਨਾ ਹੋਣ ਕਰਕੇ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਅੱਗ ਬੁਝਾਊ ਅਮਲੇ ਵਲੋਂ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਸਿੰਗਲਾ ਐਂਡ ਕੰਪਨੀ ਪੈਸਟੀਸਾਈਡ ਅਤੇ ਫਰਟੀਲਾਈਜ਼ਰ ਦੇ ਮਾਲਕ ਰਵੀ ਸਿੰਗਲਾ ਨੇ ਦੱਸਿਆ ਕਿ ਦੁਪਹਿਰ ਸਮੇਂ ਉਹ ਘਰ ਖਾਣਾ ਖਾਣ ਗਏ ਸਨ ਤੇ ਜਦੋਂ ਵਾਪਸ ਦੁਕਾਨ 'ਤੇ ਆ ਕੇ ਵੇਖਿਆ ਤਾਂ ਬੜਾ ਜ਼ਹਿਰੀਲਾ ਧੂੰਆਂ ਨਿਕਲ ਰਿਹਾ ਸੀ | ਵੇਖਦਿਆਂ ਹੀ ਵੇਖਦਿਆਂ ਦੁਕਾਨ ਅੰਦਰ ਅੱਗ ਲੱਗ ਗਈ, ਜੋ ਕੁਝ ਸਮੇਂ ਵਿਚ ਹੀ ਭਾਂਬੜ ਬਣ ਗਈ | ਉਨ੍ਹਾਂ ਦੱਸਿਆ ਕਿ ਪਹਿਲਾਂ ਭੁੱਚੋ ਦੇ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਗਿਆ, ਪ੍ਰੰਤੂ ਅੱਗ 'ਤੇ ਕਾਬੂ ਨਾ ਪੈਣ ਕਾਰਨ ਬਠਿੰਡਾ ਦੇ ਅੱਗ ਬੁਝਾਊ ਅਮਲੇ ਨੂੰ ਬੁਲਾਇਆ ਗਿਆ, ਜਿਨ੍ਹਾਂ ਕਾਫੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ | ਉਨ੍ਹਾਂ ਦੱਸਿਆ ਕਿ ਅੱਗ ਨਾਲ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਅੱਗ ਬਿਜਲੀ ਦੀ ਤਾਰ ਤੋਂ ਹੋਈ ਸਪਾਰਕਿੰਗ ਨਾਲ ਲੱਗੀ ਹੋ ਸਕਦੀ ਹੈ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜੋਨੀ ਬਾਂਸਲ ਅਤੇ ਆੜ੍ਹਤੀਆ ਐਸੋਸੀਏਸ਼ਨ ਭੁੱਚੋ ਦੇ ਪ੍ਰਧਾਨ ਸੁਨੀਲ ਗਰਗ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਦੁਕਾਨਦਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ |