ਝੋਨੇ ਦੀ ਅੱਜ ਤੋਂ ਸ਼ੁਰੂ ਹੋ ਰਹੀ ਖ਼ਰੀਦ ਦੌਰਾਨ ਜ਼ਿਲ੍ਹੇ ਭਰ ’ਚ 14 ਲੱਖ 73 ਹਜ਼ਾਰ ਮੀਟਰਕ ਟਨ ਖ਼ਰੀਦ ਦਾ ਟੀਚਾ
ਬਠਿੰਡਾ, 30 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਭਰ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਅੱਜ 1 ਅਕਤੂਬਰ ਤੋਂ ਰਸਮੀ ਤੌਰ ’ਤੇ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੌਰਾਨ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਜ਼ਿਲੇ੍ਹ ਭਰ ਵਿਚ 14 ਲੱਖ 73 ਹਜ਼ਾਰ 118 ਮੀਟਰਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਹੈ, ਜਦਕਿ ਪਿਛਲੇ ਸੀਜ਼ਨ ਦੌਰਾਨ ਜ਼ਿਲੇ੍ਹ ਭਰ ਵਿਚ ਕੁਲ 13 ਲੱਖ 88 ਹਜ਼ਾਰ ਮੀਟਰਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਸੀ। ਦੂਜੇ ਪਾਸੇ ਖ਼ਰੀਦ ਦੌਰਾਨ ਝੋਨੇ ਦੀ ਸਟੋਰੇਜ਼ ਦਾ ਡਰ ਬਣਿਆ ਹੋਇਆ ਹੈ, ਕਿਉਂਕਿ ਜ਼ਿਲ੍ਹੇ ਭਰ ਦੇ ਕੁਲ 536 ਸ਼ੈਲਰਾਂ ਵਿਚੋਂ 113 ਸ਼ੈਲਰਾਂ ਵਿਚ ਅਜੇ ਤੱਕ 85 ਪ੍ਰਤੀਸ਼ਤ ਤੋਂ ਵੀ ਘੱਟ ਮਿਲਿੰਗ ਹੋਈ ਹੈ।
ਬਠਿੰਡਾ, 30 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਭਰ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਅੱਜ 1 ਅਕਤੂਬਰ ਤੋਂ ਰਸਮੀ ਤੌਰ ’ਤੇ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੌਰਾਨ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਜ਼ਿਲੇ੍ਹ ਭਰ ਵਿਚ 14 ਲੱਖ 73 ਹਜ਼ਾਰ 118 ਮੀਟਰਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਹੈ, ਜਦਕਿ ਪਿਛਲੇ ਸੀਜ਼ਨ ਦੌਰਾਨ ਜ਼ਿਲੇ੍ਹ ਭਰ ਵਿਚ ਕੁਲ 13 ਲੱਖ 88 ਹਜ਼ਾਰ ਮੀਟਰਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਸੀ। ਦੂਜੇ ਪਾਸੇ ਖ਼ਰੀਦ ਦੌਰਾਨ ਝੋਨੇ ਦੀ ਸਟੋਰੇਜ਼ ਦਾ ਡਰ ਬਣਿਆ ਹੋਇਆ ਹੈ, ਕਿਉਂਕਿ ਜ਼ਿਲ੍ਹੇ ਭਰ ਦੇ ਕੁਲ 536 ਸ਼ੈਲਰਾਂ ਵਿਚੋਂ 113 ਸ਼ੈਲਰਾਂ ਵਿਚ ਅਜੇ ਤੱਕ 85 ਪ੍ਰਤੀਸ਼ਤ ਤੋਂ ਵੀ ਘੱਟ ਮਿਲਿੰਗ ਹੋਈ ਹੈ। ਇਨ੍ਹਾਂ ਸ਼ੈਲਰਾਂ ਵਿਚ ਪਿਛਲੇ ਸੀਜ਼ਨ ਦਾ ਝੋਨਾ ਤੇ ਤਿਆਰ ਚੌਲ ਕਾਫੀ ਮਾਤਰਾ ’ਚ ਫਸਿਆ ਹੋਇਆ ਹੈ। ਇਸ ਸਬੰਧੀ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਗੁਰਤਾਰ ਸਿੰਘ ਦਾ ਕਹਿਣਾ ਸੀ ਕਿ ਸ਼ੈਲਰਾਂ ’ਚੋਂ ਚੌਲਾਂ ਦੀ ਮੀਲਿੰਗ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ, ਜਿਸ ਨੂੰ ਝੋਨੇ ਦੇ ਦਾਣਾ ਮੰਡੀਆਂ ਵਿਚ ਪੁੱਜਣ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ ਤੇ ਨਵੀਂ ਫ਼ਸਲ ਦੀ ਸਟੋਰੇਜ਼ ਲਈ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਭਰ ’ਚ ਝੋਨੇ ਦੀ ਖ਼ਰੀਦ ਦੇ 14 ਲੱਖ 73 ਹਜ਼ਾਰ 118 ਮੀਟਰਕ ਟਨ ਦੇ ਮਿੱਥੇ ਟੀਚੇ ਨੂੰ ਪੂਰਾ ਕਰਨ ਲਈ ਖ਼ਰੀਦ ਏਜੰਸੀਆਂ ਪਨਗ੍ਰੇਨ, ਮਾਰਕਫੈੱਡ, ਪੰਜਾਬ ਵੇਅਰ ਹਾਊਸ, ਪਨਸਪ ਅਤੇ ਐਫ.ਸੀ.ਆਈ. ਨੂੰ ਨਿਰਧਾਰਿਤ ਕੋਟੇ ਦੀ ਵੰਡ ਕਰ ਦਿੱਤੀ ਗਈ ਹੈ। ਉਨ੍ਹਾਂ ਬਾਰਦਾਨੇ ਦਾ ਵੀ ਸੌ ਫ਼ੀਸਦੀ ਪ੍ਰਬੰਧ ਹੋਣ ਦਾ ਦਾਅਵਾ ਕੀਤਾ। ਇਸੇ ਤਰ੍ਹਾਂ ਜ਼ਿਲ੍ਹਾ ਮੰਡੀ ਅਧਿਕਾਰੀ ਜਸਵਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਜ਼ਿਲੇ੍ਹ ਭਰ ਦੀਆਂ ਕੁਲ 201 ਦਾਣਾ ਮੰਡੀਆਂ ਵਿਚ ਲੋੜੀਂਦੇ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਤੇ ਖ਼ਰੀਦ ਦੌਰਾਨ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਝੋਨੇ ਦਾ ਭਾਅ 2461 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ ਜਦਕਿ ਨਮੀਂ ਦੀ ਮਾਤਰਾ 17 ਫ਼ੀਸਦੀ ਰੱਖੀ ਗਈ ਹੈ। ਬੇਸ਼ੱਕ ਆਮ ਤੌਰ ’ਤੇ ਸੀਜ਼ਨ ਸ਼ੁਰੂ ਹੋਣ ਦੇ ਪਹਿਲੇ ਹਫ਼ਤੇ ਦੇ ਅੰਤ ਵਿਚ ਝੋਨੇ ਦੀ ਦਾਣਾ ਮੰਡੀਆਂ ’ਚ ਆਮਦ ਹੁੰਦੀ ਹੈ ਪਰ ਇਸ ਵਾਰ 30 ਸਤੰਬਰ ਤੱਕ ਜ਼ਿਲੇ੍ਹ ਦੀਆਂ ਇੱਕਾ-ਦੁੱਕਾ ਦਾਣਾ ਮੰਡੀਆਂ ਵਿਚ ਝੋਨਾ ਪੁੱਜ ਚੁੱਕਿਆ ਹੈ।