ਖ਼ਰੀਦ ਸ਼ੁਰੂ ਹੋਣ ਦੇ ਪਹਿਲੇ ਦਿਨ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ’ਚ ਨਹੀਂ ਹੋਈ ਝੋਨੇ ਦੀ ਆਮਦ
ਬਠਿੰਡਾ, 1 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਭਰ ਵਿਚ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ, ਪਰ ਇਸ ਦੌਰਾਨ ਜ਼ਿਲ੍ਹਾ ਬਠਿੰਡਾ ਦੀਆਂ ਇਕ-ਦੁੱਕਾ ਦਾਣਾ ਮੰਡੀਆਂ ਨੂੰ ਛੱਡ ਕੇ ਹੋਰ ਕਿਸੇ ਵੀ ਦਾਣਾ ਮੰਡੀ ਵਿਚ ਪਹਿਲੇ ਦਿਨ ਝੋਨੇ ਦੀ ਆਮਦ ਨਹੀਂ ਹੋਈ। ਇਸ ਕਾਰਨ ਪਹਿਲੇ ਦਿਨ ਜ਼ਿਲ੍ਹੇ ’ਚ ਝੋਨੇ ਦੀ ਖ਼ਰੀਦ ਦਾ ਕੰਮ ਵੀ ਸ਼ੁਰੂ ਨਹੀਂ ਹੋ ਸਕਿਆ।
*
* ਪਨਗ੍ਰੇਨ 34, ਮਾਰਕਫੈੱਡ 26, ਪਨਸਪ 22 ਤੇ ਪੰਜਾਬ ਵੇਅਰ ਹਾਊਸ 13 ਫ਼ੀਸਦੀ ਕਰੇਗਾ ਖ਼ਰੀਦ * ਕੇਂਦਰੀ ਖ਼ਰੀਦ ਏਜੰਸੀ ਐਫ.ਸੀ.ਆਈ. ਨਾਮਾਤਰ ਸਿਰਫ਼ 5 ਫ਼ੀਸਦੀ ਝੋਨਾ ਖ਼ਰੀਦੇਗੀ
02-10-2026
ਬਠਿੰਡਾ, 1 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਭਰ ਵਿਚ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ, ਪਰ ਇਸ ਦੌਰਾਨ ਜ਼ਿਲ੍ਹਾ ਬਠਿੰਡਾ ਦੀਆਂ ਇਕ-ਦੁੱਕਾ ਦਾਣਾ ਮੰਡੀਆਂ ਨੂੰ ਛੱਡ ਕੇ ਹੋਰ ਕਿਸੇ ਵੀ ਦਾਣਾ ਮੰਡੀ ਵਿਚ ਪਹਿਲੇ ਦਿਨ ਝੋਨੇ ਦੀ ਆਮਦ ਨਹੀਂ ਹੋਈ। ਇਸ ਕਾਰਨ ਪਹਿਲੇ ਦਿਨ ਜ਼ਿਲ੍ਹੇ ’ਚ ਝੋਨੇ ਦੀ ਖ਼ਰੀਦ ਦਾ ਕੰਮ ਵੀ ਸ਼ੁਰੂ ਨਹੀਂ ਹੋ ਸਕਿਆ। ਪਹਿਲੇ ਸੀਜ਼ਨਾਂ ਵਾਂਗ ਇਸ ਵਾਰ ਵੀ ਦਾਣਾ ਮੰਡੀਆਂ ਵਿਚ ਝੋਨੇ ਦੀ ਆਮਦ 8 ਤੋਂ 10 ਅਕਤੂਬਰ ਦੇ ਦਰਮਿਆਨ ਹੋਣ ਦੀ ਸੰਭਾਵਨਾ ਹੈ ਤੇ ਉਸ ਬਾਅਦ ਹੀ ਖ਼ਰੀਦ ਦਾ ਕੰਮ ਪੂਰੀ ਤਰ੍ਹਾਂ ਭਖੇਗਾ।ਦੂਜੇ ਪਾਸੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਜ਼ਿਲੇ੍ਹ ਭਰ ਵਿਚ 14 ਲੱਖ 73 ਹਜ਼ਾਰ 118 ਮੀਟਰਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਅਨੁਸਾਰ ਸੂਬੇ ਦੀ ਨੋਡਲ ਏਜੰਸੀ ਪਨਗ੍ਰੇਨ ਸਭ ਤੋਂ ਵੱਧ 34 ਫ਼ੀਸਦੀ ਝੋਨੇ ਦੀ ਖ਼ਰੀਦ ਕਰੇਗੀ, ਜਦਕਿ ਮਾਰਕਫੈੱਡ 26 ਫ਼ੀਸਦੀ, ਪਨਸਪ 22 ਫ਼ੀਸਦੀ ਅਤੇ ਪੰਜਾਬ ਵੇਅਰ ਹਾਊਸ ਵਲੋਂ 13 ਫ਼ੀਸਦੀ ਝੋਨੇ ਦੀ ਖ਼ਰੀਦ ਕੀਤੀ ਜਾਵੇਗੀ। ਇਸੇ ਤਰ੍ਹਾਂ ਕੇਂਦਰੀ ਖ਼ਰੀਦ ਏਜੰਸੀ ਭਾਰਤੀ ਖ਼ੁਰਾਕ ਨਿਗਮ (ਐਫ.ਸੀ.ਆਈ). ਜ਼ਿਲੇ੍ਹ ਭਰ ਵਿਚ ਸਿਰਫ਼ 5 ਫ਼ੀਸਦੀ ਝੋਨਾ ਖ਼ਰੀਦੇਗੀ। ਇਸ ਤਰ੍ਹਾਂ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਜ਼ਿਲੇ੍ਹ ਭਰ ਦੇ ਕੁਲ 536 ਸ਼ੈਲਰਾਂ ਵਿਚੋਂ 404 ਸ਼ੈਲਰਾਂ ਨੂੰ ਝੋਨਾ ਜਮਾਂ ਕਰਨ ਦੇ ਕੋਟੇ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ। ਜਦਕਿ ਬਾਕੀ ਰਹਿੰਦੇ ਕੁਝ ਸ਼ੈਲਰਾਂ ਵਿਚ ਅਜੇ ਪਿਛਲੇ ਸੀਜ਼ਨ ਦਾ ਝੋਨਾ ਤੇ ਤਿਆਰ ਚੌਲ ਕੁੱਝ ਮਾਤਰਾ ’ਚ ਫਸਿਆ ਹੋਇਆ ਹੈ। ਇਸ ਫਸੇ ਮਾਲ ਦਾ ਝੋਨੇ ਦੀ ਦਾਣਾ ਮੰਡੀਆਂ ਵਿਚ ਆਮਦ ਤੋਂ ਪਹਿਲਾਂ-ਪਹਿਲਾਂ ਨਿਪਟਾਰਾ ਕਰਨ ਲਈ ਖ਼ੁਰਾਕ ਮਹਿਕਮੇ ਵਲੋਂ ਜੋਰ ਲਗਾਇਆ ਜਾ ਰਿਹਾ ਹੈ, ਜਿਸ ਬਾਅਦ ਇਨ੍ਹਾਂ ਸ਼ੈਲਰਾਂ ਦੀ ਅਲਾਟਮੈਂਟ ਦਾ ਰਾਹ ਪੱਧਰਾ ਹੋ ਸਕੇਗਾ।