ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਹਾਕੀ ਮੁਕਾਬਲਿਆਂ ’ਚ ਪੀ.ਆਈ.ਐਸ. ਬਠਿੰਡਾ ਬਣਿਆ ‘ਚੈਂਪੀਅਨ’
ਬਠਿੰਡਾ, 1 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਇੱਥੇ ਚੱਲ ਰਹੀਆਂ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਅੰਡਰ-17 ਲੜਕੀਆਂ ਦੇ ਹਾਕੀ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਏ ਹਨ ਅਤੇ ਖੇਡਾਂ ਵਿਚ ਪੀ. ਆਈ.
ਬਠਿੰਡਾ, 1 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਇੱਥੇ ਚੱਲ ਰਹੀਆਂ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਅੰਡਰ-17 ਲੜਕੀਆਂ ਦੇ ਹਾਕੀ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਏ ਹਨ ਅਤੇ ਖੇਡਾਂ ਵਿਚ ਪੀ.ਆਈ.ਐਸ. ਬਠਿੰਡਾ ਦੀਆਂ ਖਿਡਾਰਨਾਂ ਨੇ ਬਾਜ਼ੀ ਮਾਰਦਿਆਂ ‘ਚੈਂਪੀਅਨ’ ਬਣਨ ਦਾ ਮਾਣ ਹਾਸਲ ਕੀਤਾ। ਸਥਾਨਕ ਹਾਕੀ ਟਰਫ਼ ਵਿਖੇ ਖੇਡੇ ਗਏ ਫਾਈਨਲ ਵਿਚ ਪੀ.ਆਈ.ਐਸ. ਬਠਿੰਡਾ ਨੇ ਪੀ.ਆਈ.ਐਸ ਬਾਦਲ ਨੂੰ 5-0 ਦੇ ਫ਼ਰਕ ਨਾਲ ਮਾਤ ਦੇ ਕੇ ‘ਸੋਨ’ ਤਗਮਾ ਹਾਸਲ ਕੀਤਾ। ਜਦਕਿ ਪੀ.ਆਈ.ਐਸ ਬਾਦਲ ਦੂਸਰੇ ਸਥਾਨ ‘ਤੇ ਰਿਹਾ। ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿਚ ਪਟਿਆਲਾ ਨੇ ਗੁਰਦਾਸਪੁਰ ਨੂੰ 5-0 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਹੈ। ਖੇਡਾਂ ਦੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਨੂੰ ਮੈਡਲ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਖੇਡ ਅਬਜ਼ਰਵਰ ਗੁਰਪ੍ਰੀਤ ਸਿੰਘ ਸਿੱਧੂ ਅਤੇ ਪ੍ਰਿੰ. ਕੁਲਵਿੰਦਰ ਸਿੰਘ ਵੀ ਮੌਜੂਦ ਰਹੇ। ਇਸ ਮੌਕੇ ਜਸਵੀਰ ਸਿੰਘ ਗਿੱਲ ਨੇ ਖਿਡਾਰਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਸਹਿਯੋਗ ਅਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡ ਮੈਦਾਨ ਵਿਚ ਮਿਲਣ ਵਾਲੀ ਜਿੱਤ ਸਿਰਫ਼ ਟਰਾਫ਼ੀ ਜਾਂ ਮੈਡਲ ਤੱਕ ਸੀਮਤ ਨਹੀਂ ਹੁੰਦੀ, ਸਗੋਂ ਇਹ ਖਿਡਾਰੀਆਂ ਦੀ ਮਿਹਨਤ, ਲਗਨ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਹੁੰਦੀ ਹੈ। ਇਸ ਦੌਰਾਨ ਖੇਡ ਅਧਿਕਾਰੀ ਰਣਧੀਰ ਸਿੰਘ ਧੀਰਾ, ਜਗਮੋਹਨ ਸਿੰਘ, ਇਕਬਾਲ ਸਿੰਘ ਜੇਠੂਕੇ, ਚਰਨਜੀਤ ਸਿੰਘ ਲਹਿਰਾ ਧੂਰਕੋਟ, ਹਰਪ੍ਰੀਤ ਸਿੰਘ ਲਹਿਰਾ ਬੇਗਾ, ਰਹਿੰਦਰ ਸਿੰਘ, ਇਸਟਪਾਲ ਸਿੰਘ, ਸੁਖਜਿੰਦਰਪਾਲ ਕੌਰ ਸੁੱਖੀ, ਸੰਦੀਪ ਕੌਰ, ਹਾਕੀ ਕੋਚ ਰਾਜਵੰਤ ਸਿੰਘ ਮਾਨ ਅਤੇ ਪੀ.ਟੀ.ਆਈ. ਹਰਭਗਵਾਨ ਦਾਸ ਸਮੇਤ ਕੋਚ, ਅਧਿਆਪਕ ਤੇ ਖੇਡ ਅਧਿਕਾਰੀ ਹਾਜ਼ਰ ਸਨ।