ਰਾੜਾ ਸਾਹਿਬ, 31 ਦਸੰਬਰ (ਪ੍ਰੀਤਮ ਸਿੰਘ ਮੁਕੰਦਪੁਰੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਬਿਜਲੀ ਬਿੱਲ-2025, ਬੀਜ ਬਿੱਲ, ਮੁਕਤ ਵਪਾਰ ਸਮਝੌਤਾ ਰੱਦ ਕਰਵਾਉਣ, ਲੇਬਰ ਕੋਰਟ ਤੇ ਮਨਰੇਗਾ ਕਾਨੂੰਨ ਖ਼ਤਮ ਕਰਨਾ ਅਤੇ ਹੋਰ ਮੰਗਾਂ ਨੂੰ ਲੈਕੇ ਮੋਟਰਸਾਈਕਲ ਮਾਰਚ ਕੀਤਾ ਗਿਆ | ਇਹ ਮਾਰਚ ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਜਸਵੀਰ ਸਿੰਘ ਆਸ਼ਗਰੀਪੁਰ, ਬਲਵੀਰ ਸਿੰਘ ਦੋਰਾਹਾ, ਜਸਵੀਰ ਸਿੰਘ ਬੁਆਣੀ, ਹਰਜਿੰਦਰ ਸਿੰਘ ਮਜ਼ਦੂਰ ਆਗੂ ਅਤੇ ਤਰਸੇਮ ਲਾਲ ਦੀ ਅਗਵਾਈ ਹੇਠ ਪਿੰਡ ਘਲੋਟੀ, ਘੁਡਾਣੀ ਕਲਾਂ, ਭੱਠਲ, ਬਿਲਾਸਪੁਰ, ਗਿੱਦੜੀ, ਜਹਾਂਗੀਰ, ਕਟਾਹਰੀ, ਘਣਗਸ ਅਤੇ ਰਾੜਾ ਸਾਹਿਬ ਆਦਿ ਪਿੰਡਾਂ ਵਿੱਚ ਕੱਢਿਆ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰਾਂ ਨਿੱਜੀਕਰਨ ਕਰਕੇ ਇਥੋਂ ਦੇ ਜਲ, ਜੰਗਲ ਅਤੇ ਜਮੀਨ ਨੂੰ ਕਾਰਪੋਰੇਟਾਂ ਦੀ ਹਵਾਲੇ ਕਰਨ ਜਾ ਰਹੀ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਹੋਰ ਵਧੇਗੀ | ਸਾਡੀਆਂ ਜ਼ਮੀਨਾਂ ਲੁੱਟੀਆਂ ਜਾਣਗੀਆਂ ਤੇ ਅਰਾਜਕਤਾ ਫੈਲ ਜਾਵੇਗੀ | ਉਨ੍ਹਾਂ ਕਿਹਾ ਕਿ ਬਿੱਲਾਂ ਦੇ ਵਿਰੋਧ ਲਈ 16 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਿਲ੍ਹਾ ਹੈਡਕੁਆਰਟਰਾਂ ਤੇ ਰੋਸ ਧਰਨੇ ਲਗਾਏ ਜਾਣਗੇ | ਉਨ੍ਹਾਂ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੂੰ ਗਿ੍ਫ਼ਤਾਰ ਕਰਨ ਦੀ ਪੁਰਜ਼ੋਰ ਨਿੰਦਾ ਕਰਦਿਆਂ ਰਿਹਾਈ ਦੀ ਮੰਗ ਕੀਤੀ | ਇਸ ਸਮੇਂ ਹਰਜੀਤ ਸਿੰਘ ਘਲੋਟੀ, ਹਾਕਮ ਸਿੰਘ ਜਰਗੜੀ, ਯੁਵਰਾਜ ਸਿੰਘ ਘੁਡਾਣੀ, ਬੁੱਧ ਸਿੰਘ ਬਰਮਾਲੀਪੁਰ, ਪਰਮਵੀਰ ਸਿੰਘ ਘਲੋਟੀ, ਰਵਨਦੀਪ ਸਿੰਘ, ਸਰਬਜੀਤ ਸਿੰਘ, ਕਮਲਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਦਲਜੀਤ ਸਿੰਘ ਅਤੇ ਮੰਨੂੰ ਹਾਜ਼ਰ ਸਨ |