ਜਗਰਾਉਂ, 3 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਸਾਂਝਾ ਪੈਨਸ਼ਨਰਜ਼ ਫਰੰਟ ਜਗਰਾਉਂ ਦੀ ਮੀਟਿੰਗ ਅਸ਼ੋਕ ਭੰਡਾਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ 'ਆਪ' ਸਰਕਾਰ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ 2025 'ਚ ਡੀ.ਏ. ਦੀ ਕੋਈ ਵੀ ਕਿਸ਼ਤ ਜਾਰੀ ਨਹੀਂ ਕੀਤੀ | ਮੀਟਿੰਗ 'ਚ ਪੱਤਰਕਾਰਾਂ 'ਤੇ ਦਰਜ ਕੇਸ ਵਾਪਿਸ ਲੈਣ ਦੀ ਮੰਗ ਕੀਤੀ ਗਈ | ਇਹ ਵੀ ਫ਼ੈਸਲਾ ਕੀਤਾ ਗਿਆ ਕਿ ਪੰਜਾਬ ਦੀਆਂ 90 ਜਥੇਬੰਦੀਆਂ ਵਲੋਂ ਸਾਂਝੀਆਂ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ਾਂ ਦੀ ਠੋਸ ਹਮਾਇਤ ਕੀਤੀ ਜਾਵੇਗੀ | ਚੋਣ ਡਿਊਟੀ ਦੇਣ ਲਈ ਜਾਂਦੇ ਮੋਗਾ ਜ਼ਿਲ੍ਹਾ ਦੇ ਅਧਿਆਪਕ ਜਸਕਰਨ ਸਿੰਘ ਅਤੇ ਉਸ ਦੀ ਪਤਨੀ ਦੀ ਮੌਤ ਖ਼ਿਲਾਫ਼ ਅਤੇ ਮੁਆਵਜ਼ਾ ਲੈਣ ਚਲ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਫ਼ੈਸਲਾ ਕੀਤਾ ਕਿ ਮੋਗਾ ਵਿਖੇ 18 ਜਨਵਰੀ ਨੂੰ ਹੋਣ ਜਾ ਰਹੇ ਸੂਬਾ ਪੱਧਰੀ ਧਰਨੇ 'ਚ ਭਰਵੀਂ ਸ਼ਮੂਲੀਅਤ ਕੀਤੀ ਜਾਵੇ | ਇਸ ਮੌਕੇ ਮਨਾਏ ਗਏ ਪੈਨਸ਼ਨਰਜ਼ ਦਿਵਸ ਸਮਾਗਮ ਦੀ ਸਮੀਖਿਆ ਕੀਤੀ ਗਈ | ਮੀਟਿੰਗ ਵਿਚ ਸਕੱਤਰ ਜਸਵੰਤ ਕਲੇਰ, ਅਵਤਾਰ ਸਿੰਘ, ਜੋਗਿੰਦਰ ਆਜ਼ਾਦ, ਹਰਭਜਨ ਸਿੰਘ, ਜਗਦੀਸ਼ ਮਹਿਤਾ, ਬਲਵਿੰਦਰ ਸਿੰਘ, ਰਮੇਸ਼ ਕੁਮਾਰ, ਭੀਮ ਸੈਨ, ਜਗਮੋਹਨ ਸਿੰਘ ਆਦਿ ਸ਼ਾਮਿਲ ਸਨ |