ਸਿੱਧਵਾਂ ਬੇਟ, 3 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਰੋਜ਼ਾਨਾ ਆਪਣੇ ਵਿਰੋਧੀਆਂ 'ਤੇ ਤੰਜ਼ ਕੱਸਦੇ ਹੋਏ ਆਖਦੇ ਹਨ ਕਿ ਸੂਬੇ ਦੇ ਕਿਸੇ ਵੀ ਵਿਭਾਗ ਦੇ ਖਾਸ ਕਰਕੇ ਮਾਲ ਵਿਭਾਗ ਵਿਚ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਤੇ ਉਨਾਂ ਦਾ ਹਰ ਕੰਮ ਤੈਅ ਸਮੇਂ ਅਤੇ ਜੀਰੋ ਭਿ੍ਸ਼ਟਾਚਾਰ 'ਤੇ ਹੋ ਰਿਹਾ ਹੈ | ਪਰ ਜੇਕਰ ਜ਼ਮੀਨੀ ਪੱਧਰ 'ਤੇ ਝਾਤ ਮਾਰੀ ਜਾਵੇ ਤਾਂ ਕਹਾਣੀ ਕੁਝ ਹੋਰ ਵੀ ਵਿਖਾਈ ਦਿੰਦੀ ਹੈ ਅਤੇ ਦੁਖੀ ਲੋਕ ਇਹ ਵੀ ਕਹਿਣੋ ਨਹੀਂ ਝਿਜਕਦੇ ਕਿ ਲੋਕਾਂ ਦੀ ਆਪਣੀ ਅਤੇ ਬਦਲਾਅ ਵਾਲੀ ਸਰਕਾਰ ਦੇ ਮਾਲ ਵਿਭਾਗ ਵਿਚ ਜਿੰਨ੍ਹਾ ਭਿ੍ਸ਼ਟਾਚਾਰ ਫੈਲਿਆ ਹੋਇਆ ਹੈ ਇੰਨਾਂ ਤਾਂ ਕਦੇ ਹੋਰ ਸਰਕਾਰਾਂ ਵਿਚ ਵਿਖਾਈ ਨਹੀਂ ਦਿੱਤਾ ਸੀ | ਜੇਕਰ ਅੱਜ ਸਿਰਫ਼ ਮਾਲ ਵਿਭਾਗ ਦੀ ਗੱਲ ਕਰੀਏ ਤਾਂ ਸ੍ਰੀ ਅਨੁਰਾਗ ਵਰਮਾ ਵਧੀਕ ਮੁੱਖ ਸਕੱਤਰ (ਮਾਲ) ਨੇ ਮਿਤੀ 30-4-2025 ਨੂੰ ਆਪਣੇ ਵਲੋਂ ਜਾਰੀ ਪੱਤਰ 5390 ਰਾਂਹੀ ਸੂਬੇ ਭਰ ਦੇ ਸਮੂਹ ਡਿਪਟੀ ਕਮਿਸ਼ਨਰਾਂ, ਉੱਪ ਮੰਡਲ ਮੈਜਿਸਟਰੇਟਾਂ, ਜ਼ਿਲ੍ਹਾ ਮਾਲ ਅਫ਼ਸਰਾਂ, ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਸਖਤ ਨਿਰਦੇਸ਼ ਦਿੱਤੇ ਸਨ ਕਿ ਦਫ਼ਤਰਾਂ ਵਿਚ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ | ਪੱਤਰ ਵਿੱਚ ਇਹ ਵੀ ਬਕਾਇਦਾ ਲਿਖਿਆ ਗਿਆ ਹੈ ਕਿ ਝਗੜਾ ਰਹਿਤ ਇੰਤਕਾਲਾਂ ਦਾ 30 ਦਿਨਾਂ ਵਿਚ ਨਿਪਟਾਰਾ ਕੀਤਾ ਜਾਵੇ ਜਿਸ ਵਿਚੋਂ ਉਨ੍ਹਾਂ 15 ਦਿਨ ਹਲਕਾ ਪਟਵਾਰੀ, 5 ਦਿਨ ਫੀਲਡ ਕਾਨੂੰਗੋ ਅਤੇ 10 ਦਿਨ ਸਰਕਲ ਰੈਵਿਨਿਊ ਅਫ਼ਸਰ ਨੂੰ ਦਿੱਤੇ ਹਨ | ਇਸੇ ਤਰ੍ਹਾਂ ਫਰਦ ਬਦਰ ਲਈ 15 ਦਿਨ ਦਾ ਸਮਾਂ ਤੈਅ ਕੀਤਾ ਗਿਆ ਜਿਸ ਵਿਚ 7 ਦਿਨ ਹਲਕਾ ਪਟਵਾਰੀ, 3 ਦਿਨ ਫੀਲਡ ਕਾਨੂੰਗੋ ਅਤੇ 5 ਦਿਨ ਸਰਕਲ ਰੈਵਿਨਿਊ ਅਫ਼ਸਰ, ਲੋਨ ਦੀ ਰਪਟ ਲਈ ਦਿੱਤੇ 7 ਦਿਨਾਂ ਵਿਚੋਂ 5 ਦਿਨ ਹਲਕਾ ਪਟਵਾਰੀ ਅਤੇ ਦੋ ਦਿਨ ਸਰਕਲ ਰੈਵੀਨਿਊ ਕਾਨੂੰਗੋ ਜਦਕਿ ਅਦਾਲਤੀ ਹੁਕਮ ਜਾਂ ਫਿਰ ਸਟੇਅ ਦੀ ਰਪਟ ਲਈ ਸਿਰਫ਼ ਹਲਕਾ ਪਟਵਾਰੀ ਨੂੰ ਇਕ ਦਿਨ ਵਿਚ ਹੀ ਦੇਣ ਦੀ ਗੱਲ ਕਹੀ ਗਈ ਹੈ, ਪਰ ਜ਼ਮੀਨੀ ਤੌਰ 'ਤੇ ਕਹਾਣੀ ਹੋਰ ਹੀ ਹੈ | ਸ਼ਾਇਦ ਇਹ ਪੱਤਰ ਦਫ਼ਤਰਾਂ ਵਿਚ ਪੁੱਜਿਆ ਹੀ ਨਹੀਂ ਜਾਂ ਫਿਰ ਇਸ ਨੂੰ ਇਕ ਤਰ੍ਹਾਂ ਨਾਲ ਰੱਦੀ ਦੀ ਟੋਕਰੀ ਵਿਚ ਸਮੇਟ ਦਿੱਤਾ ਗਿਆ ਹੋਵੇਗਾ, ਕਿਉਂਕਿ ਸਥਾਨਕ ਸਬ-ਤਹਿਸੀਲ ਦੇ ਦਫ਼ਤਰ ਵਿਚ ਤਾਂ ਕਈ-ਕਈ ਮਹੀਨਿਆਂ ਤੋਂ ਲੋਕ ਹਲਕਾ ਪਟਵਾਰੀ ਕੋਲ ਹੀ ਧੱਕੇ ਖਾ ਰਹੇ ਹਨ | ਆਪਣਾ ਨਾਂ ਛਾਪਣ ਦੀ ਸ਼ਰਤ 'ਤੇ ਕਈ ਲੋਕਾਂ ਨੇ ਦੱਸਿਆ ਸਰਕਾਰੀ ਹੁਕਮ ਕੀ ਹਨ ਇਸ ਦਾ ਤਾਂ ਸਾਨੂੰ ਪਤਾ ਨਹੀਂ ਪਰ ਅਸੀਂ ਤਾਂ ਕਈ ਮਹੀਨਿਆਂ ਤੋਂ ਸਥਾਨਕ ਦਫ਼ਤਰ ਦੇ ਚੱਕਰ ਲਗਾ ਕੇ ਹੰਭ-ਹਾਰ ਚੁੱਕੇ ਹਾਂ | ਉਨ੍ਹਾਂ ਇਹ ਵੀ ਆਖਿਆ ਕਿ ਜਿੰਨ੍ਹਾਂ ਚਿਰ ਕੋਈ ਉਪਭੋਗਤਾ ਸੰਬੰਧਿਤ ਮੁਲਾਜ਼ਮ ਦੀ ਚੁੰਝ ਹਰੀ ਨਹੀਂ ਕਰਦਾ ਉਨਾਂ ਚਿਰ ਉਹ ਟੱਸ ਤੋਂ ਮੱਸ ਨਹੀਂ ਹੁੰਦੇ | ਇਸ ਸਬੰਧੀ ਜਦੋਂ ਸਬ-ਤਹਿਸੀਲ ਸਿੱਧਵਾਂ ਬੇਟ ਦੇ ਨਾਇਬ ਤਹਿਸੀਲਦਾਰ ਪੁਸ਼ਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਮੈਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਪੁੱਜੀ ਅਤੇ ਸਾਰਾ ਕੰਮਕਾਜ ਸਹੀ ਅਤੇ ਤੈਅ ਮਿਤੀ ਅਨੁਸਾਰ ਕੀਤਾ ਜਾ ਰਿਹਾ ਹੈ | ਫਿਰ ਵੀ ਜੇਕਰ ਕੋਈ ਸ਼ਿਕਾਇਤ ਆਈ ਤਾਂ ਸੰਬੰਧਤ ਪਟਵਾਰੀ ਜਾਂ ਕਾਨੂੰਗੋ ਖ਼ਿਲਾਫ਼ ਬਣਦੀ ਵਿਭਾਗੀ ਕਰਵਾਈ ਕੀਤੀ ਜਾਵੇਗੀ |