ਡੇਹਲੋਂ, 5 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪੁਲਿਸ ਕਮਿਸ਼ਨਰ ਲੁਧਿਆਣਾ ਦੇ ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਆਸੀ ਕਲਾਂ ਵਿਖੇ ਇਕ ਬੇਸਹਾਰਾ ਘੁੰਮਦੇ ਬਲਦ ਨੂੰ ਤਿੱਖੇ ਹਥਿਆਰਾਂ (ਗੰਡਾਸਿਆਂ) ਨਾਲ ਜ਼ਖਮੀ ਕਰ ਕੇ ਮਾਰ ਦੇਣ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ | ਬਲਦ ਨੂੰ ਮਾਰਨ ਵਾਲੇ ਕਥਿਤ ਦੋਸ਼ੀਆਂ ਖ਼ਿਲਾਫ਼ ਡੇਹਲੋਂ ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਕਾਬੂ ਕਰਨ ਦਾ ਵੀ ਦਾਅਵਾ ਕੀਤਾ ਗਿਆ ਹੈ | ਪੁਲਿਸ ਕੋਲ ਗੱਜਣ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਆਸੀ ਕਲਾਂ ਥਾਣਾ ਡੇਹਲੋਂ ਵਲੋਂ ਬਿਆਨ ਦਰਜ਼ ਕਰਵਾਏ ਗਏ ਕਿ ਧਰਮਿੰਦਰ ਸਿੰਘ ਉਰਫ਼ ਗੁਰੀ ਅਤੇ ਇਸ ਦਾ ਪਿਤਾ ਹਰਨੇਕ ਸਿੰਘ ਪੁੱਤਰ ਬਚਨ ਸਿੰਘ ਮੇਰੇ ਪਿੰਡ ਦੇ ਹੋਣ ਕਰ ਕੇ ਮੈਂ ਇਨ੍ਹਾਂ ਨੂੰ ਚੰਗੀ ਤਰਾਂ ਜਾਣਦਾ ਹਾਂ | ਸਾਡੇ ਪਿੰਡ ਵਿਚ ਕਰੀਬ ਮਹੀਨਾ ਸਵਾ ਮਹੀਨਾ ਤੋਂ ਇੱਕ ਬੇਸਹਾਰਾ ਬਲਦ (ਪਸ਼ੂ) ਫਿਰਦਾ ਰਹਿੰਦਾ ਸੀ, ਜਿਸ ਨੂੰ 4 ਜਨਵਰੀ ਨੂੰ ਵਕਤ ਕਰੀਬ 8.00 ਵਜੇ ਸਵੇਰੇ ਧਰਮਿੰਦਰ ਸਿੰਘ ਉਰਫ਼ ਗੁਰੀ ਤੇ ਉਸ ਦਾ ਪਿਤਾ ਹਰਨੇਕ ਸਿੰਘ ਘੇਰ ਕੇ ਆਪਣੇ ਘਰ ਅੱਗੇ ਲੈ ਆਏ ਤੇ ਫਿਰ ਧਰਮਿੰਦਰ ਸਿੰਘ ਉਰਫ਼ ਗੁਰੀ ਤੇ ਹਰਨੇਕ ਸਿੰਘ ਨੇ ਇਸ ਬੇਸਹਾਰਾ ਬਲਦ ਦਾ ਮੂੰਹ ਰੱਸੀ ਨਾਲ ਬੰਨ੍ਹ ਦਿੱਤਾ ਅਤੇ ਬਲਦ ਨੂੰ ਗੰਡਾਸੇ ਮਾਰ-ਮਾਰ ਕੇ ਵੱਢ ਦਿੱਤਾ | ਜ਼ਿਕਰਯੋਗ ਹੈ ਕਿ ਉਕਤ ਬਲਦ ਨੂੰ ਮਾਰਨ ਵਾਲੇ ਪਿਉ-ਪੁੱਤਰ ਲੋਕਾਂ ਨੂੰ ਦੇਖ ਕੇ ਆਪਣੇ ਘਰ ਅੰਦਰ ਵੜ ਗਏ | ਪਰ ਡੂੰਘੇ ਜ਼ਖ਼ਮਾਂ ਨਾਲ ਤੜਫ਼ ਰਹੇ ਬਲਦ ਨੂੰ ਪਿੰਡ ਦੇ ਲੋਕ ਇਕ ਟੈਂਪੂ ਵਿਚ ਲੱਦ ਕੇ ਇਲਾਜ ਲਈ ਪਸ਼ੂਆਂ ਦੇ ਹਸਪਤਾਲ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਲੈ ਕੇ ਗਏ, ਜਿੱਥੇ ਇਲਾਜ ਦੌਰਾਨ ਬਲਦ ਦੀ ਮੌਤ ਹੋ ਗਈ | ਇਸ ਘਟਨਾ ਦੀ ਚੁਫੇਰਿਓਾ ਨਿੰਦਾ ਹੋ ਰਹੀ ਹੈ | ਇਸ ਸੰਬੰਧੀ ਏ. ਸੀ. ਪੀ. ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਡੇਹਲੋਂ ਪੁਲਿਸ ਵਲੋਂ ਮੁਕੱਦਮਾ ਨੰਬਰ 3 ਬੀ. ਐਨ. ਐੱਸ. ਦੀ ਧਾਰਾ 325, 3 (5) ਅਧੀਨ ਦਰਜ਼ ਕਰ ਕੇ ਦੋਵਾਂ ਕਥਿਤ ਦੋਸ਼ੀਆਂ ਧਰਮਿੰਦਰ ਸਿੰਘ ਉਰਫ਼ ਗੁਰੀ ਅਤੇ ਉਸ ਦੇ ਪਿਤਾ ਹਰਨੇਕ ਸਿੰਘ ਵਾਸੀ ਆਸੀ ਕਲਾਂ ਥਾਣਾ ਡੇਹਲੋਂ ਜ਼ਿਲ੍ਹਾ ਲੁਧਿਆਣਾ ਨੂੰ ਗਿ੍ਫ਼ਤਾਰ ਕਰ ਲਿਆ ਹੈ |