ਮਲੌਦ, 5 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਬਲਾਕ ਮਲੌਦ ਦੇ ਪਿੰਡ-ਪਿੰਡ ਨਿੱਜੀਕਰਨ ਦੇ ਸੱਜਰੇ ਹਮਲਿਆਂ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਲਈ ਪਿੰਡਾਂ ਵਿਚ ਅੱਜ 6 ਜਨਵਰੀ ਨੂੰ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ ਹੈ | ਬਲਾਕ ਪ੍ਰਧਾਨ ਦਵਿੰਦਰ ਸਿੰਘ ਰਾਜੂ ਸਿਰਥਲਾ ਅਤੇ ਸਕੱਤਰ ਨਾਜ਼ਰ ਸਿੰਘ ਸਿਆੜ੍ਹ ਨੇ ਦੱਸਿਆ ਕਿ ਬਿਜਲੀ ਬਿੱਲ 2025, ਬੀਜ ਬਿੱਲ, ਮਨਰੇਗਾ ਸਕੀਮ ਨੂੰ ਤੋੜਨ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਵਿਚ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਲਈ ਅੱਜ ਪਿੰਡ-ਪਿੰਡ ਸੰਪਰਕ ਕੀਤਾ ਗਿਆ | ਅੱਜ ਤਕਰੀਬਨ ਦੋ ਦਰਜਨ ਪਿੰਡਾਂ ਵਿਚ ਆਗੂਆਂ ਨੇ ਮੁਹਿੰਮ ਭਖਾਈ, ਜਿਸ ਵਿਚ ਬਲਾਕ ਪ੍ਰਧਾਨ ਦਵਿੰਦਰ ਸਿੰਘ ਰਾਜੂ, ਬਲਾਕ ਸਕੱਤਰ ਰਾਜਪਾਲ ਸਿੰਘ ਦੁਧਾਲ, ਜਿਲਾ ਵਿੱਤ ਸਕੱਤਰ ਰਾਜਿੰਦਰ ਸਿੰਘ ਸਿਆੜ੍ਹ, ਬਲਵੰਤ ਸਿੰਘ ਘੁਡਾਣੀ ਅਤੇ ਹੋਰ ਆਗੂ ਸ਼ਾਮਿਲ ਸਨ | ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਮਾਰਚ ਨਿੱਜੀਕਰਨ ਖ਼ਿਲਾਫ਼ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵਿਦਿਆਰਥੀਆਂ, ਨੌਜਵਾਨਾਂ ਦੀ ਜਥੇਬੰਦੀਆਂ ਵਲੋਂ ਦੇਸ਼ ਵਿਆਪੀ ਮੁਹਿੰਮ ਤਹਿਤ 16 ਜਨਵਰੀ ਨੂੰ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ 'ਚ ਜ਼ੋਰਦਾਰ ਸ਼ਮੂਲੀਅਤ ਕਰਨ ਲਈ ਮੋਟਰਸਾਈਕਲ ਮਾਰਚ ਸੁਨੇਹਾ ਦੇਵੇਗਾ |