9 ਨੂੰ ਅੱਠ ਹਲਕਿਆਂ ਦਾ ਮਨਰੇਗਾ ਵਰਕਰਾਂ ਦਾ ਜਾਗਰੂਕਤਾ ਸੰਮੇਲਨ ਸਮਰਾਲਾ 'ਚ ਹੋਵੇਗਾ - ਰਾਜਾ ਗਿੱਲ
ਸਮਰਾਲਾ, 6 ਜਨਵਰੀ (ਰਾਮ ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਦੇਸ਼ ਭਰ 'ਚ ਕੇਂਦਰ ਸਰਕਾਰ ਵਲੋਂ ਮਨਰੇਗਾ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਇਸ ਦੇ ਕਾਨੂੰਨ ਵਿੱਚ ਕੀਤੀਆਂ ਸੋਧਾਂ ਵਿਰੁੱਧ ਕੁਲ ਹਿੰਦ ਕਾਂਗਰਸ ਵਲੋਂ ਦੇਸ਼ ਭਰ ਵਿੱਚ ਉਲੀਕੇ ਮਨਰੇਗਾ ਬਚਾਓ ਸੰਗਰਾਮ ਅਧੀਨ ਪੰਜਾਬ ਕਾਂਗਰਸ ਵਲੋਂ ਵੀ ਪੰਜਾਬ ਭਰ 'ਚ 8 ਜਨਵਰੀ ਤੋਂ 10 ਵੱਖ-ਵੱਖ ਇਲਾਕਿਆਂ 'ਤੇ ਸਮਾਗਮ ਕਰਨ ਦਾ ਐਲਾਨ ਕੀਤਾ ਹੈ, ਇਸੇ ਕੜੀ ਤਹਿਤ ਕਾਂਗਰਸ ਪਾਰਟੀ ਵਲੋਂ 9 ਜਨਵਰੀ ਨੂੰ ਅਨਾਜ ਮੰਡੀ ਸਮਰਾਲਾ ਵਿਖੇ 8 ਵਿਧਾਨ ਸਭਾ ਹਲਕਿਆਂ ਦੇ ਮਨਰੇਗਾ ਵਰਕਰਾਂ ਦਾ ਸੰਮੇਲਨ ਕਰ ਰਹੀ ਹੈ, ਜਿਸ ਵਿਚ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਅਤੇ ਕੁਲ ਹਿੰਦ ਕਾਂਗਰਸ ਦੇ ਅਹੁਦੇਦਾਰ ਵੀ ਸ਼ਮੂਲੀਅਤ ਕਰ ਰਹੇ ਹਨ | ਇਸ ਸੰਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਾਂਗਰਸ ਦੇ ਸਥਾਨਕ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਦੱਸਿਆ ਕਿ ਕਾਂਗਰਸ ਮਨਰੇਗਾ ਵਰਕਰਾਂ ਦੀ ਲੜਾਈ ਦੇਸ਼ ਭਰ ਵਿਚ ਲੜੇਗੀ ਅਤੇ ਤਿੰਨ ਖੇਤੀ ਕਾਨੂੰਨਾਂ, ਲੈਂਡ ਪੋਲਿੰਗ ਪਾਲਿਸੀ ਅਤੇ ਹੋਰਨਾਂ ਲੋਕ ਵਿਰੋਧੀ ਫ਼ੈਸਲਿਆਂ ਦੀ ਤਰ੍ਹਾਂ ਇਸ ਮਨਰੇਗਾ ਕਾਨੂੰਨ ਖ਼ਤਮ ਕਰਨ ਵਾਲੇ ਫ਼ੈਸਲੇ ਨੂੰ ਵਾਪਸ ਲੈਣ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਮਜਬੂਰ ਕਰ ਦੇਵੇਗੀ | ਇਸ ਪ੍ਰੈਸ ਕਾਨਫ਼ਰੰਸ ਵਿਚ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਅਤੇ ਬਲਾਕ ਪ੍ਰਧਾਨ ਅਜਮੇਰ ਸਿੰਘ ਪੂਰਵਾ ਅਤੇ ਮਾਛੀਵਾੜਾ ਬਲਾਕ ਦੇ ਪ੍ਰਧਾਨ ਪਰਮਿੰਦਰ ਤਿਵਾੜੀ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਪਰਵਿੰਦਰ ਗੋਲਡੀ, ਹਰਚੰਦ ਸਿੰਘ ਮਲਿਕਪੁਰ ਅਤੇ ਗੁਰਮੁਖ ਸਿੰਘ ਬੁਲੇ੍ਹਪੁਰ ਵੀ ਹਾਜ਼ਰ ਸਨ |
ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਦੇ ਵਿਰੋਧ ਲਈ ਕਾਂਗਰਸ ਪੰਜਾਬ ਵਿੱਚ 10 ਮਨਰੇਗਾ ਬਚਾਓ ਸੰਮੇਲਨ ਉਲੀਕੇ
ਅਜੀਤ ਡੈਸਕ
07-01-2026