ਬੀਜਾ, 21 ਫਰਵਰੀ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)-ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ ਦੇ ਦਿਸ਼ਾਂ-ਨਿਰਦੇਸ਼ਾਂ ਅਧੀਨ ਕਾਰਜਸ਼ੀਲ ਸੰਸਥਾ ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਦੇ ਇਤਿਹਾਸ ਵਿਭਾਗ, ਧਾਰਮਿਕ ਵਿਭਾਗ ਅਤੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਸਾਕਾ ਸ੍ਰੀ ਨਨਕਾਣਾ ਸਾਹਿਬ ਅਤੇ ਅੰਤਰਰਾਸ਼ਟਰੀ ਪੰਜਾਬੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਦਾ ਪ੍ਰਬੰਧ ਕੀਤਾ ਗਿਆ | ਸਮਾਗਮ ਦੇ ਆਰੰਭ ਵਿਚ ਵਿਸ਼ੇ ਬਾਰੇ ਜਾਣਕਾਰੀ ਦਿੰਦਿਆਂ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਸਾਕਾ ਸ਼ਬਦ ਤੋਂ ਭਾਵ ਸ਼ਹੀਦੀ ਹੈ | ਇਹ ਸ਼ਹੀਦੀ ਸਾਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਉੱਪਰ ਵਾਪਰਿਆ | ਅਖੀਰ ਵਿੱਚ ਉਨ੍ਹਾਂ ਪੰਜਾਬੀ ਮਾਂ-ਬੋਲੀ ਦੇ ਬਾਰੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਪੰਜਾਬੀ ਵਿੱਚ ਲਿਖਣਾ, ਪੜ੍ਹਨਾ ਤੇ ਦਸਤਖ਼ਤ ਕਰਦਿਆਂ ਮਾਣ ਮਹਿਸੂਸ ਕਰਨਾ ਚਾਹੀਦਾ ਹੈ | ਪ੍ਰੋਫੈਸਰ ਅਗਮਜਯੋਤ ਕੌਰ (ਮੁਖੀ ਇਤਿਹਾਸ ਵਿਭਾਗ) ਨੇ ਆਖਿਆ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਪਹਿਲਾ ਅਹਿੰਸਕ ਵਿਰੋਧ ਸੀ, ਜੋ ਸ਼ਾਂਤਮਈ ਢੰਗ ਨਾਲ ਸ਼ਹਾਦਤਾਂ ਦਿੰਦਿਆਂ ਜਿੱਤਿਆ ਗਿਆ ਸੀ | ਪਿ੍ੰਸੀਪਲ ਡਾ. ਗਗਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਵਿਚ ਇਤਿਹਾਸ ਦਾ ਅਹਿਸਾਸ ਕਰਨ ਦੀ ਜ਼ਰੂਰਤ ਬਾਰੇ ਪ੍ਰੇਰਿਤ ਕੀਤਾ | ਅਖੀਰ ਵਿੱਚ ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਗੁਰਦੁਆਰਾ ਪ੍ਰਬੰਧ ਅਤੇ ਪੰਜਾਬੀ ਮਾਂ- ਬੋਲੀ ਨਾਲ ਸੰਬੰਧਿਤ ਪਾਠ- ਸਮਗਰੀ ਵੀ ਵੰਡੀ ਗਈ |