ਡੇਹਲੋਂ, 23 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਡਿਪਟੀ ਡਾਇਰੈਕਟਰ ਪਸ਼ੂ ਪਾਲਣ ਲੁਧਿਆਣਾ ਵਲੋਂ ਸ਼੍ਰੀ ਰਾਧਾ ਕਿ੍ਸ਼ਨ ਗਊਸ਼ਾਲਾ ਸੇਵਾ ਸੁਸਾਇਟੀ ਸਾਹਮਣੇ ਗੁਰਮ ਗੇਟ ਪਿੰਡ ਰੁੜਕਾ, ਬਲਾਕ ਡੇਹਲੋਂ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ | ਇਹ ਕੈਂਪ ਪੰਜਾਬ ਗਊ ਸੇਵਾ ਕਮਿਸ਼ਨ ਐੱਸ.ਏ.ਐੱਸ. ਨਗਰ ਮੋਹਾਲੀ ਵਲੋਂ ਲਗਾਇਆ ਗਿਆ | ਕੈਂਪ ਦੌਰਾਨ ਬਿਮਾਰ ਜਾਨਵਰਾਂ ਦਾ ਇਲਾਜ ਕੀਤਾ ਗਿਆ ਅਤੇ ਵੱਖ-ਵੱਖ ਟੀਕਾਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿਤੀ ਗਈ | ਇਸ ਤੋਂ ਇਲਾਵਾ ਗਊਸ਼ਾਲਾ ਦੇ ਸਾਰੇ ਪਸ਼ੂਆਂ ਨੂੰ ਮਲੱ੍ਹਪ ਰਹਿਤ ਕਰਨ ਲਈ ਦਵਾਈ ਦਿੱਤੀ ਗਈ ਅਤੇ ਵਿਭਿੰਨ ਪਸ਼ੂਆਂ ਦੇ ਬਾਂਝਪਣ ਦਾ ਇਲਾਜ ਕੀਤਾ ਗਿਆ ਅਤੇ ਨਾਲ ਹੀ ਪਸ਼ੂਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਪੰਜਾਬ ਗਊ ਕਮਿਸ਼ਨ ਸੇਵਾ ਕਮਿਸ਼ਨ ਵਲੋਂ ਪ੍ਰਭਾਵਿਤ ਪਸ਼ੂਆਂ ਦੇ ਸਮੇਂ ਸਿਰ ਇਲਾਜ ਲਈ ਗਊਸ਼ਾਲਾ ਨੂੰ 25000 ਰੁਪਏ ਦੀਆਂ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ | ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਅਮਰੀਕ ਸਿੰਘ ਅਤੇ ਸੀਨੀਅਰ ਵੈਟਰਨਰੀ ਅਫ਼ਸਰ ਲੁਧਿਆਣਾ (ਪੂਰਬੀ) ਡਾ. ਰਾਜੇਸ਼ ਮਲਿਕ, ਡਾ. ਸਤਿੰਦਰਪਾਲ ਸਿੰਘ, ਡਾ. ਅਜੇ, ਡਾ. ਜਗਜੀਤ ਸਿੰਘ, ਵੈਟੀ. ਇੰਸਪੈਕਟਰ ਗਗਨਦੀਪ ਸ਼ਰਮਾ, ਵੈਟੀ ਇੰਸਪੈਕਟਰ ਮੁਹੰਮਦ ਸਾਹਿਲ, ਜਗਜੀਤ ਸਿੰਘ ਅਤੇ ਨਾਰੰਗ ਨੇ ਹਿੱਸਾ ਲਿਆ | ਕੈਂਪ ਦੌਰਾਨ ਗਊਸ਼ਾਲਾ ਕਮੇਟੀ ਅਤੇ ਗਊਸ਼ਾਲਾ ਦੇ ਸਮੁੱਚੇ ਸਟਾਫ਼ ਨੂੰ ਮੁੱਢਲੇ ਪ੍ਰਬੰਧਨ ਬਾਰੇ ਸਮਝਾਇਆ ਗਿਆ | ਇਸ ਮੌਕੇ 'ਤੇ ਸ਼੍ਰੀ ਰਾਧਾ ਕਿ੍ਸ਼ਨ ਗਊਸ਼ਾਲਾ ਸੇਵਾ ਸੋਸਾਇਟੀ ਦੇ ਸਮੂਹ ਮੈਂਬਰ ਵਲੋਂ ਆਏ ਹੋਏ ਸਮੂਹ ਡਾਕਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਚੇਅਰਮੈਨ ਰਣਬੀਰ ਸਿੰਘ ਪ੍ਰਧਾਨ, ਅਮਰਜੀਤ ਸਿੰਘ ਸੰਧੂ ਸੈਕਟਰੀ, ਅਵਤਾਰ ਸਿੰਘ ਜਨਰਲ ਸੈਕਟਰੀ, ਜੋਗਿੰਦਰ ਸਿੰਘ ਮੀਤ ਪ੍ਰਧਾਨ, ਨਿਰਵੈਰ ਸਿੰਘ ਖ਼ਜ਼ਾਨਚੀ, ਜਗਮੀਤ ਸਿੰਘ, ਮਨਦੀਪ ਸਿੰਘ ਜਵੰਦਾ, ਬੂਟਾ ਸਿੰਘ ਗਰੇਵਾਲ, ਰੁਪਿੰਦਰ ਸਿੰਘ ਕੌਸ਼ਿਕ ਪੰਚਾਇਤ ਸੈਕਟਰੀ, ਮੱਘਰ ਸਿੰਘ ਰੁੜਕਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |