ਸਾਹਨੇਵਾਲ, 26 ਫਰਵਰੀ (ਹਨੀ ਚਾਠਲੀ)-ਸਥਾਨਕ ਸਾਹਨੇਵਾਲ ਕਸਬੇ 'ਚ ਕੋਈ ਸਥਾਈ ਬੱਸ ਅੱਡਾ ਨਾ ਹੋਣ ਕਰ ਕੇ ਦਰਜਨਾਂ ਪਿੰਡਾਂ ਦੇ ਲੋਕਾਂ ਨੰੂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਵੇਂ ਪਹਿਲੀਆਂ ਸਰਕਾਰਾਂ ਵਲੋਂ ਕੌਮੀ ਸ਼ਾਹ ਮਾਰਗ 'ਤੇ ਨਿੱਤ ਵਾਪਰਦੇ ਹਾਦਸਿਆਂ ਨੰੂ ਠੱਲ੍ਹ ਪਾਉਣ ਲਈ ਇਸ ਨੰੂ ਛੇ ਮਾਰਗੀ ਬਣਾਉਣ ਵੇਲੇ ਪਹਿਲਾਂ ਬਣਿਆ ਇਕ ਆਰਜ਼ੀ ਬੱਸ ਅੱਡਾ ਢਾਹ ਦਿੱਤਾ ਗਿਆ ਪਰ ਉਸ ਥਾਂ 'ਤੇ ਲੋਕਾਂ ਦੀ ਸੱੁਖ ਸਹੂਲਤ ਲਈ ਕੋਈ ਬੱਸ ਅੱਡਾ ਨਹੀਂ ਬਣਾਇਆ ਗਿਆ | ਸਾਹਨੇਵਾਲ 'ਚ ਕੋਈ ਬੱਸ ਅੱਡਾ ਨਾ ਹੋਣ ਕਾਰਨ ਲੋਕ ਆਪਣੀ ਜਾਨ ਨੰੂ ਜੋਖ਼ਮ 'ਚ ਪਾ ਕੇ ਸੜਕ ਦੇ ਕਿਨਾਰਿਆਂ 'ਤੇ ਖੜ੍ਹ ਕੇ ਬੱਸਾਂ ਦੀ ਉਡੀਕ ਕਰਦੇ ਹਨ | ਜਦੋਂ ਕਿ ਸਾਹਨੇਵਾਲ ਤੋਂ ਦਰਜਨਾਂ ਪਿੰਡਾਂ ਦੇ ਲੋਕ ਰੋਜ਼ਾਨਾ ਸਾਹਨੇਵਾਲ ਤੋਂ ਦਿੱਲੀ, ਪਟਿਆਲਾ, ਲੁਧਿਆਣਾ, ਸ਼੍ਰੀ ਅੰਮਿ੍ਤਸਰ ਨੰੂ ਰੋਜ਼ਾਨਾ ਇੱਥੋਂ ਬੱਸਾਂ ਵਿਚ ਸਵਾਰ ਹੋ ਕੇ ਜਾਂਦੇ ਆਉਂਦੇ ਹਨ | ਪਰ ਇਨ੍ਹਾਂ ਨੰੂ ਗਰਮੀ, ਸਰਦੀ ਅਤੇ ਬਾਰਸ਼ ਤੋਂ ਰਾਹਤ ਲਈ ਕੋਈ ਵੀ ਸਹੂਲਤ ਨਹੀਂ ਹੈ | ਇਲਾਕੇ ਦੇ ਲੋਕਾਂ ਅਤੇ ਨਾਲ ਲਗਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਨੰੂ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਸਾਹਨੇਵਾਲ 'ਚ ਲੋਕਾਂ ਦੇ ਸੁੱਖ ਸਹੂਲਤ ਲਈ ਇਕ ਬੱਸ ਅੱਡੇ ਦਾ ਨਿਰਮਾਣ ਕਰਵਾਇਆ ਜਾਵੇ |
ਮੈਂ ਆਪਣੇ ਨਿੱਜੀ ਖਰਚੇ 'ਚੋਂ ਬਣਾਇਆ ਸ਼ੈੱਡ-ਚਹਿਲ
ਆਸਰਾ ਐਨ.ਜੀ.ਓ. ਦੇ ਪ੍ਰਧਾਨ ਦਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਤੇ ਸੜਕ ਦੇ ਕਿਨਾਰਿਆਂ ਦੇ ਖੜਨ ਕਾਰਨ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਅਸੀਂ ਮੰਗ ਰੱਖੀ ਸੀ ਕਿ ਜੇਕਰ ਪੰਜਾਬ ਸਰਕਾਰ ਸਾਹਨੇਵਾਲ 'ਚ ਬੱਸ ਅੱਡਾ ਬਣਾਉਣ ਲਈ ਅਸਮਰਥ ਹੈ ਤਾਂ ਪੰਜਾਬ ਸਰਕਾਰ ਸਾਨੰੂ ਆਰਜ਼ੀ ਬੱਸ ਸ਼ੈਲਟਰ ਬਣਾਉਣ ਲਈ ਆਗਿਆ ਦੇਵੇ ਤੇ ਜਦੋਂ ਸਾਨੰੂ ਆਗਿਆ ਨਹੀਂ ਮਿਲੀ ਤਾਂ ਮੈਂ ਆਪਣੇ ਨਿੱਜੀ ਖਰਚੇ 'ਚੋਂ ਲੋਕਾਂ ਦੀ ਸੁੱਖ ਸਹੂਲਤ ਲਈ ਲੋਹੇ ਦਾ ਢਾਂਚਾ ਬਣਾ ਕੇ ਤੇ ਫਾਈਬਰ ਦੀ ਸ਼ੀਟ ਲਗਾ ਕੇ ਸ਼ੈੱਡ ਬਣਾ ਦਿੱਤਾ |
ਕਾਂਗਰਸ ਦੀ ਸਰਕਾਰ ਆਉਣ 'ਤੇ ਬੱਸ ਅੱਡਾ ਬਣਾਇਆ ਜਾਵੇਗਾ-ਕਰਨ ਅਨੇਜਾ
ਆੜ੍ਹਤੀਆ ਐਸੋਸੀਏਸ਼ਨ ਸਾਹਨੇਵਾਲ ਦੇ ਪ੍ਰਧਾਨ ਕਰਨ ਅਨੇਜਾ ਨੇ ਕਿਹਾ ਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ ਕਿ ਜੋ ਜ਼ਿਲ੍ਹਾ ਪ੍ਰੀਸ਼ਦ ਦੀ ਜਗਾ ਪਈ ਹੈ | ਉਸ ਜਗਾ 'ਤੇ ਬੱਸ ਅੱਡਾ ਬਣਾਇਆ ਜਾਵੇ ਤੇ ਅੱਜ ਤੱਕ ਸਾਡੀ ਇਸ ਮੰਗ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਸਾਹਨੇਵਾਲ 'ਚ ਬੱਸ ਅੱਡਾ ਬਣਾਇਆ ਜਾਵੇਗਾ |
ਮੰਤਰੀ ਮੁੰਡੀਆਂ ਦੇ ਸਾਹਮਣੇ ਰੱਖਾਂਗੇ ਮੰਗ-ਧਾਲੀਵਾਲ
ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਸਾਹਮਣੇ ਇਹ ਮੰਗ ਰੱਖਾਂਗੇ ਕਿ ਗਰਮੀਆਂ ਦਾ ਮੌਸਮ ਨਜ਼ਦੀਕ ਆ ਗਿਆ ਹੈ ਕਿ ਲੋਕਾਂ ਨੰੂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਜੋ ਜਲਦ ਤੋਂ ਜਲਦ ਬੱਸ ਅੱਡਾ ਬਣਾਇਆ ਜਾਵੇ |
ਸਰਕਾਰ ਦੇ ਧਿਆਨ ਨਾ ਦੇਣ ਕਾਰਨ ਇਹ ਕੰਮ ਅੱਜ ਤੱਕ ਅਧੂਰਾ ਹੀ ਪਿਆ-ਰਸ਼ਪਾਲ ਸਿੰਘ
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਰਸ਼ਪਾਲ ਸਿੰਘ ਨੇ ਕਿਹਾ ਕਿ ਬੱਸ ਅੱਡਾ ਬਣਵਾਉਣ ਲਈ ਤੇ ਨਿਊ ਮਾਡਲ ਟਾਊਨ ਨੰੂ ਕੌਮੀ ਸ਼ਾਹ ਮਾਰਗ ਸੜਕ ਤੋਂ ਰਸਤਾ ਦੇਣ ਲਈ ਇਕ ਮਤਾ ਪਾਸ ਕਰਵਾ ਕੇ ਸਰਕਾਰ ਨੰੂ ਭੇਜਿਆ ਸੀ ਤੇ ਸਰਕਾਰ ਦੇ ਧਿਆਨ ਨਾ ਦੇਣ ਕਾਰਨ ਇਹ ਕੰਮ ਅੱਜ ਤੱਕ ਅਧੂਰਾ ਹੀ ਪਿਆ ਹੈ ਤੇ ਇੱਥੇ ਬੱਸ ਅੱਡੇ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ |
ਸਾਹਨੇਵਾਲ 'ਚ ਲੋਕ ਸੜਕ ਦੇ ਕਿਨਾਰਿਆਂ 'ਤੇ ਖੜ੍ਹ ਕੇ ਕਰਦੇ ਨੇ ਬੱਸਾਂ ਦੀ ਉਡੀਕ
ਅਜੀਤ ਡੈਸਕ
27-02-2026