ਬੀਜਾ, 6 ਮਾਰਚ (ਅਵਤਾਰ ਸਿੰਘ ਜੰਟੀ ਮਾਨ)-ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਖ਼ਾਲਸਾ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਪਹੁੰਚ ਕੇ ਮੱਥਾ ਟੇਕਿਆ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਉਪਰੰਤ ਬਿਕਰਮਜੀਤ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ, ਮੌਜੂਦਾ ਮੈਂਬਰ ਜਥੇਦਾਰ ਹਰਪਾਲ ਸਿੰਘ ਜਿੱਲ੍ਹਾ ਅਤੇ ਅਕਾਲੀ ਦਲ ਦੇ ਸਰਮਾ ਆਗੂ ਨਵਤੇਜ ਸਿੰਘ ਖੱਟੜਾ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ 10 ਮਾਰਚ ਨੂੰ ਖੰਨਾ ਵਿਖੇ ਹੋ ਰਹੀ ਭਰਵੀਂ ਰੈਲੀ ਸਬੰਧੀ ਚਰਚਾ ਕੀਤੀ ਗਈ | ਇਸ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਿਆਸੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨਿਰੰਤਰ ਅੱਗੇ ਵਧ ਕੇ ਪੰਜਾਬ ਦੀ ਪ੍ਰਮੁੱਖ ਸਿਆਸੀਧਿਰ ਬਣ ਰਹੀ ਹੈ | ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਉਨ੍ਹਾਂ ਨੂੰ ਕਿਸਾਨਾਂ, ਮਜ਼ਦੂਰਾਂ, ਦਲਿਤਾਂ, ਮੁਲਾਜ਼ਮਾਂ ਅਤੇ ਵਪਾਰੀਆਂ ਦਾ ਭਰਵਾਂ ਸਮਰਥਨ ਮਿਲ ਰਿਹਾ ਅਤੇ ਪਾਰਟੀ ਵੱਲੋਂ ਉਪਰੋਕਤ ਵਰਗਾਂ ਦੇ ਮਸਲੇ ਲਗਾਤਾਰ ਉਠਾਏ ਜਾ ਰਹੇ ਹਨ | ਪਾਰਟੀ ਲਗਾਤਾਰ ਸੱਤਾ ਵਿੱਚ ਆਉਣ ਵਾਲੇ ਪਾਸੇ ਵਧ ਰਹੀ ਹੈ | ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਾਹਦ ਇੱਕ ਐਸੀ ਜਮਾਤ ਹੈ, ਜਿਹੜੀ ਸਾਰੇ ਵਰਗਾਂ ਦੀ ਲੜਾਈ ਲੜ ਰਹੀ ਹੈ | ਇਸ ਸਮੇਂ ਜਥੇਦਾਰ ਜੱਲ੍ਹਾ ਅਤੇ ਜਥੇਦਾਰ ਖੱਟੜਾ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਵਿੱਚ ਅਕਾਲੀ ਦਲ ਦੀ ਹਨੇਰੀ ਨਹੀਂ ਤੂਫ਼ਾਨ ਚੱਲੇਗਾ |