ਪਾਇਲ, 11 ਮਾਰਚ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਨਗਰ ਕੌਸ਼ਲ ਪਾਇਲ ਦੇ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੱਦੋਂ ਚੌਂਕ ਪਾਇਲ ਵਿਖੇ ਮੁੱਖ ਮੰਤਰੀ ਦਾ ਪੁਤਲਾ ਫੂਕਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸਫ਼ਾਈ ਕਰਮਚਾਰੀਆਂ ਦੇ ਪ੍ਰਧਾਨ ਪ੍ਰਧਾਨ ਰਾਕੇਸ਼ ਕੁਮਾਰ ਘਾਰੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪਿਛਲੇ ਚਾਰ ਸਾਲ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ | ਜਿਸ ਤੋਂ ਬਾਅਦ ਹੁਣ ਸਰਕਾਰ ਤੋਂ ਅੱਕੇ ਹੋਏ ਮੁਲਾਜ਼ਮਾਂ ਨੇ ਯੂਨੀਅਨ ਦੇ ਸੱਦੇ 'ਤੇ 2 ਦਿਨਾਂ ਦੀ ਹੜਤਾਲ ਕੀਤੀ ਹੈ | ਜੇਕਰ ਹੁਣ ਵੀ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਜਿਵੇਂ ਕਿ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ, ਪੁਰਾਣੀ ਪੈਨਸ਼ਨ ਬਹਾਲੀ, ਕਿਰਤ ਕੋਡ ਦੀ ਸਮਾਪਤੀ ਕਰ ਕੇ ਮਜ਼ਦੂਰ ਪੱਖੀ ਨਿਯਮ ਬਣਾਉਣ, ਬਿਜਲੀ ਬਿੱਲ ਵਿਰੁੱਧ ਅਤੇ ਹੋਰ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਯੂਨੀਅਨ ਦੇ ਹੁਕਮਾਂ ਅਨੁਸਾਰ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਾ, ਸਤਪਾਲ, ਰਾਣੀ, ਬਬਲੀ, ਬਲਵੀਰ ਚੰਦ, ਸੀਮਾ, ਨੀਰਜ, ਸੁਨੀਤਾ ਰਾਣੀ, ਨੀਲ ਕਮਲ, ਮੰਗਾ ਕੁਮਾਰ, ਸੁੱਖੀ, ਰਾਹੁਲ, ਮੋਨੰੂ ਹੰਸ, ਲੱਕੀ ਆਦਿ ਹਾਜ਼ਰ ਸਨ |