ਮਾਛੀਵਾੜਾ ਸਾਹਿਬ, 6 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ ਨਾਜਾਇਜ਼ ਪਿਸਤੌਲ ਸਮੇਤ ਇੱਕ ਵਿਅਕਤੀ ਰਾਹੁਲ ਸ਼ਰਮਾ ਵਾਸੀ ਜ਼ੀਰਾ, ਮੁਹੱਲਾ ਕੰਬੋਆ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਤੋਂ ਪਵਾਤ ਪੁਲ ਵੱਲ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਮੋਨਾ ਵਿਅਕਤੀ ਪੈਦਲ ਜਾਂਦਾ ਦਿਖਾਈ ਦਿੱਤਾ | ਇਸ ਵਿਅਕਤੀ ਨੇ ਇੱਕ ਪਿੱਠੂ ਬੈਗ ਆਪਣੇ ਹੱਥ ਵਿਚ ਫੜਿਆ ਸੀ ਅਤੇ ਪੁਲਿਸ ਪਾਰਟੀ ਤੋਂ ਘਬਰਾ ਕੇ ਇਹ ਸੜਕ ਦੇ ਦੂਜੇ ਪਾਸੇ ਚਲਾ ਗਿਆ | ਪੁਲਿਸ ਪਾਰਟੀ ਵਲੋਂ ਸ਼ੱਕ ਦੇ ਅਧਾਰ 'ਤੇ ਇਸ ਨੰੂ ਜਾਂਚ ਲਈ ਰੋਕਿਆ ਜਿਸ ਨੇ ਆਪਣਾ ਨਾਮ ਰਾਹੁਲ ਸ਼ਰਮਾ ਦੱਸਿਆ | ਤਲਾਸ਼ੀ ਦੌਰਾਨ ਉਸ ਦੇ ਪਿੱਠੂ ਬੈਗ 'ਚੋਂ 32 ਬੋਰ ਦਾ ਪਿਸਤੌਲ ਬਰਾਮਦ ਹੋਇਆ ਜਿਸ ਦਾ ਮੈਗਜ਼ੀਨ ਖੋਲ੍ਹਣ 'ਤੇ ਉਸ ਵਿਚ ਕੋਈ ਕਾਰਤੂਸ ਨਾ ਮਿਲਿਆ | ਪੁਲਿਸ ਵਲੋਂ ਰਾਹੁਲ ਸ਼ਰਮਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਕਤ ਵਿਅਕਤੀ ਨੂੰ ਜੇਲ੍ਹ 'ਚੋਂ ਫ਼ੋਨ ਆਇਆ ਸੀ ਕਿ ਇਹ ਪਿਸਤੌਲ ਮੋਹਾਲੀ ਵਿਖੇ ਕਿਸੇ ਵਿਅਕਤੀ ਨੂੰ ਦੇਣਾ ਹੈ ਜਿਸ ਸਬੰਧੀ ਉਸ ਨੂੰ ਉੱਥੇ ਪਹੁੰਚਣ 'ਤੇ ਫ਼ੋਨ ਰਾਹੀਂ ਸੂਚਿਤ ਕੀਤਾ ਜਾਵੇਗਾ | ਥਾਣਾ ਮੁਖੀ ਅਨੁਸਾਰ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਰਿਮਾਂਡ 'ਤੇ ਲਿਆਂਦਾ ਗਿਆ ਹੈ ਅਤੇ ਇਸ ਮਾਮਲੇ ਦੇ ਤਾਰ ਜੇਲ੍ਹ ਨਾਲ ਜੁੜੇ ਹਨ, ਇਸ ਲਈ ਜਿਸ ਵਿਅਕਤੀ ਨੇ ਜੇਲ੍ਹ 'ਚੋਂ ਫ਼ੋਨ ਕੀਤਾ ਉਸ ਤੋਂ ਵੀ ਪੁੱਛਗਿੱਛ ਕਰ ਕੇ ਮਾਮਲੇ ਦੀ ਖ਼ੁਲਾਸੇ ਹੋਣਗੇ |