ਪਾਇਲ, 15 ਅਪ੍ਰੈਲ (ਨਿਜ਼ਾਮਪੁਰ/ ਰਜਿੰਦਰ ਸਿੰਘ)-ਇੱਥੇ ਦੇਰ ਰਾਤ ਦਾਣਾ ਮੰਡੀ ਵਿੱਚ ਆੜ੍ਹਤੀਏ ਹਰੀਸ਼ ਕੁਮਾਰ ਨੋਨੇ ਦੀ ਦੁਕਾਨ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨ ਦੇ ਸ਼ੀਸ਼ਿਆਂ ਵਾਲੇ ਗੇਟ ਵਿੱਚ ਗੋਲੀਆਂ ਮਾਰੀਆਂ ਗਈਆਂ, ਜਿੱਥੇ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ ਹੈ | ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਕਰੀਬ ਰਾਤ ਸਾਢੇ ਦਸ ਵਜੇ (10:30) ਦਾਣਾ ਮੰਡੀ ਵਿੱਚ ਆੜ੍ਹਤੀਏ ਹਰੀਸ਼ ਕੁਮਾਰ ਨੋਨੇ ਦੀ ਦੁਕਾਨ 'ਤੇ ਦੋ ਅਣਪਛਾਤੇ ਵਿਅਕਤੀ ਆਏ, ਜਿੰਨ੍ਹਾਂ ਦੇ ਮੂੰਹ ਢੱਕੇ ਹੋਏ ਸਨ | ਉਸ ਸਮੇਂ ਦੁਕਾਨ ਦੇ ਅੱਗੇ ਕਣਕ ਦੀ ਭਰਾਈ ਤੁਲਾਈ ਵਾਲਾ ਕੰਡਾ ਚੱਲ ਰਿਹਾ ਸੀ, ਜਿੱਥੇ ਪਹਿਲਾ ਉਨ੍ਹਾਂ ਨੇ ਮਜ਼ਦੂਰਾਂ ਕੋਲੋਂ ਸਿਗਰਟ ਮੰਗੀ ਤਾਂ ਉਨ੍ਹਾਂ ਜੁਆਬ ਦੇ ਦਿੱਤਾ | ਫਿਰ ਉਨ੍ਹਾਂ ਇੱਧਰ ਉਧਰ ਘੁੰਮਦਿਆਂ ਨੇ ਦੁਕਾਨ ਦੇ ਸ਼ੀਸ਼ੇ ਵਾਲੇ ਗੇਟ 'ਤੇ ਸਿੱਧੀਆਂ ਗੋਲੀਆਂ ਮਾਰੀਆਂ ਅਤੇ ਉਸੇ ਵਕਤ ਹਮਲਾਵਰ ਘਟਨਾ ਸਥਾਨ ਤੋਂ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ | ਸ਼ੀਸ਼ਿਆਂ ਵਿੱਚ ਲੱਗੇ ਤਿੰਨ ਗੋਲੀਆਂ ਦੇ ਨਿਸ਼ਾਨ ਸਾਫ਼ ਵਿਖਾਈ ਦੇ ਰਹੇ ਹਨ | ਰਾਤ ਹੀ ਘਟਨਾ ਸਥਾਨ 'ਤੇ ਪੁੱਜੀ ਪੁਲੀਸ ਨੇ ਗੋਲੀਆਂ ਦੇ ਖ਼ੋਲ ਆਪਣੇ ਕਬਜ਼ੇ ਵਿੱਚ ਲੈ ਲਏ | ਪੁਲੀਸ ਰਾਤ ਤੋਂ ਹੀ ਹਮਲਾਵਰਾਂ ਦਾ ਪਿੱਛਾ ਕਰ ਰਹੀ ਹੈ | ਡੀ. ਐੱਸ. ਪੀ. ਪਾਇਲ ਜਸਬਿੰਦਰ ਸਿੰਘ ਖੈਹਿਰਾ ਨੇ ਦੱਸਿਆ ਕਿ ਰਾਤ ਕਰੀਬ ਸਾਢੇ ਦਸ ਵਜੇ ਆੜ੍ਹਤੀਏ ਹਰੀਸ਼ ਕੁਮਾਰ ਨੋਨਾ ਦੀ ਦੁਕਾਨ 'ਤੇ ਦੋ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਹੈ | ਜਿਨ੍ਹਾਂ ਖ਼ਿਲਾਫ਼ ਆੜ੍ਹਤੀਏ ਹਰੀਸ਼ ਕੁਮਾਰ ਵੱਲੋਂ ਥਾਣਾ ਪਾਇਲ ਅੰਦਰ ਸ਼ਿਕਾਇਤ ਦਰਜ ਕਰਵਾਈ ਗਈ ਹੈ | ਡੀ. ਐੱਸ. ਪੀ. ਪਾਇਲ ਨੇ ਅੱਗੇ ਦੱਸਿਆ ਕਿ ਇਸ ਸੰਬੰਧੀ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਮੈਨੇਜ਼ਰ ਸ਼ਗਨਪ੍ਰੀਤ ਦੇ ਪਿਤਾ ਸੁਦਾਗਰ ਸਿੰਘ ਖਿਲਾਫ ਕੇਸ ਦਰਜ ਕਰਕੇ ਗਿ੍ਫ਼ਤਾਰ ਕਰ ਚੁੱਕੇ ਹਾਂ | ਉਨ੍ਹਾਂ ਦੱਸਿਆ ਕਿ ਹੁਣ ਐੱਸ. ਐੱਸ. ਪੀ ਖੰਨਾ ਦੀਆਂ ਹਦਾਇਤਾਂ 'ਤੇ ਪੁਲੀਸ ਟੀਮਾਂ ਬਣਾਈਆਂ ਗਈਆਂ ਹਨ | ਇਸ ਕੇਸ ਨੂੰ ਸੀ. ਆਈ. ਏ ਸਟਾਫ਼ ਖੰਨਾ ਤੇ ਸਾਈਬਰ ਸੈੱਲ ਦੀ ਮਦਦ ਨਾਲ ਜਲਦੀ ਹੀ ਹੱਲ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ ਫੁਟੇਜ ਹਾਸਲ ਹੋ ਚੁੱਕੀ ਹੈ, ਉਮੀਦ ਹੈ ਕਿ ਇਹ ਕੇਸ ਜਲਦੀ ਹੀ ਟਰੇਸ ਕਰ ਲਿਆ ਜਾਵੇਗਾ | ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਘਟਨਾ ਨੂੰ ਕੁੱਝ ਦਿਨ ਪਹਿਲਾਂ ਆੜ੍ਹਤੀਏ ਹਰੀਸ਼ ਕੁਮਾਰ ਨੋਨਾ ਕੋਲੋਂ ਫ਼ੋਨ 'ਤੇ ਮੰਗੀ ਫਰੋਤੀ ਨਾਲ ਵੀ ਜੋੜਕੇ ਵੇਖਿਆ ਜਾ ਰਿਹਾ ਹੈ |