ਦੋਰਾਹਾ, 17 ਅਪ੍ਰੈਲ (ਮਨਜੀਤ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਦੋਰਾਹਾ ਅਨਾਜ ਮੰਡੀ ਦਾ ਦੌਰਾ ਕਰਨ ਸਮੇਂ ਕਿਹਾ ਕਿ ਆਪ ਸਰਕਾਰ ਵੱਲੋਂ ਕਣਕ ਦੇ ਮੰਡੀਕਰਨ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ ਕਿ ਕਿਸਾਨਾਂ ਨੂੰ ਮੰਡੀ ਕਰਨ ਦੌਰਾਨ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ | ਪਰ ਇਹ ਦਾਅਵੇ ਖੋਖਲੇ ਸਿੱਧ ਹੋਏ ਅਤੇ ਅੱਜ ਮੰਡੀ ਨੂੰ ਚੱਲਦਿਆਂ 15 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣੀ ਸੋਨੇ ਵਰਗੀ ਫ਼ਸਲ ਵੇਚਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ | ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਕਾਰਨ ਸਮੇਂ ਸਿਰ ਫ਼ਸਲ ਨਹੀਂ ਵਿਕ ਰਹੀ ਅਤੇ ਲਿਫ਼ਟਿੰਗ ਦਾ ਬੁਰਾ ਹਾਲ ਹੈ | ਵਿਕੀ ਜਿਨਸ ਦੀ ਅਦਾਇਗੀ ਵੀ ਅਜੇ ਤੱਕ ਲਟਕੀ ਪਈ ਹੈ | ਜਿਸ ਕਾਰਨ ਕਿਸਾਨ ਵਰਗ ਵਿੱਚ ਆਪ ਸਰਕਾਰ ਪ੍ਰਤੀ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਪੰਜਾਬ ਤੇ ਦੇ ਦਾ ਕਿਸਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰ ਰਿਹਾ ਹੈ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਕਿਸਾਨਾਂ ਨੂੰ ਮੰਡੀ ਕਰਨ ਦੌਰਾਨ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਂਦੀ ਸੀ | ਇਸ ਮੌਕੇ ਮੀਤ ਪ੍ਰਧਾਨ ਇੰਜ ਜਗਦੇਵ ਸਿੰਘ ਬੋਪਾਰਾਏ, ਕੰਵਰਦੀਪ ਸਿੰਘ ਜੱਗੀ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਸਾਬਕਾ ਕੌਂਸਲਰ ਸਰਬਜੀਤ ਸਿੰਘ ਵਿਪਨ ਸੇਠੀ, ਜਸਪ੍ਰੀਤ ਕੌਰ ਅੜੈ੍ਹਚਾਂ, ਨੀਤੂ ਸਿੰਘ ਜੀਵਨ ਸਿੰਘ ਰਾਜਗੜ੍ਹ ਸੁਖਜੀਤ ਸਿੰਘ ਸੁੱਖਾ ਸੁਰਜੀਤ ਸਿੰਘ ਰਾਜਿੰਦਰ ਸਿੰਘ ਮਨਦੀਪ ਸਿੰਘ ਐਡਵੋਕੇਟ ਵਿੱਕੀ ਮਹਾਰਾਜਾ ਸਤਨਾਮ ਸਿੰਘ ਰਾਜੂ ਆਦਿ ਹਾਜ਼ਰ ਸਨ |