ਸਾਹਨੇਵਾਲ, 22 ਅਪ੍ਰੈਲ (ਹਨੀ ਚਾਠਲੀ)-ਜਨਗਣਨਾ 2026 ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਧਿਆਪਕਾਂ ਦੀਆਂ ਡਿਊਟੀਆਂ ਵੱਡੇ ਪੱਧਰ 'ਤੇ ਬਤੌਰ ਸੁਪਰਵਾਈਜ਼ਰ ਅਤੇ ਗਿਣਤੀਕਾਰ ਲਗਾਈਆਂ ਗਈਆਂ ਹਨ | ਇਸ ਦੇ ਨਾਲ ਹੀ ਅਧਿਆਪਕਾਂ ਨੂੰ ਟਰੇਨਿੰਗ ਦੇਣ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ, ਜਿਸ ਦੌਰਾਨ ਅਧਿਆਪਕਾਂ ਨੂੰ ਤਕਨੀਕੀ ਖ਼ਾਮੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਉਪ ਪ੍ਰਧਾਨ ਜਗਜੀਤ ਸਿੰਘ ਸਾਹਨੇਵਾਲ, ਜ਼ਿਲ੍ਹਾ ਇਕਾਈ ਲੁਧਿਆਣਾ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਦੋਰਾਹਾ, ਵਿੱਤ ਸਕੱਤਰ ਸਵਰਨ ਸਿੰਘ, ਸੀਨੀਅਰ ਮੀਤ ਪ੍ਰਧਾਨ ਨਵਦੀਪ ਸਿੰਘ, ਮੀਤ ਪ੍ਰਧਾਨ ਰਾਜਵਿੰਦਰ ਸਿੰਘ ਨੇ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਜਨਗਣਨਾ ਦੌਰਾਨ ਪ੍ਰਸ਼ਾਸਨ ਵਲੋਂ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਨੂੰ ਲੋੜੀਂਦੇ ਤਕਨੀਕੀ ਉਪਕਰਣ ਮੁਹੱਈਆ ਕਰਵਾਏ ਜਾਣ ਕਿਉਂਕਿ ਜੋ ਜਨਗਣਨਾ ਦੌਰਾਨ ਪ੍ਰਾਪਤ ਜਾਣਕਾਰੀ ਨੂੰ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਵਲੋਂ ਆਨਲਾਈਨ ਕੀਤਾ ਜਾਣਾ ਹੈ | ਇਸ ਕਾਰਜ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਹਿਤ ਤਕਨੀਕੀ ਉਪਕਰਣ ਜਿਵੇਂ ਕਿ ਲੈਪਟਾਪ ਜਾਂ ਟੈਬ ਦੀ ਜ਼ਰੂਰਤ ਪਵੇਗੀ ਜੋ ਜ਼ਿਲ੍ਹਾ ਪ੍ਰਸ਼ਾਸਨ ਇਹ ਉਪਕਰਣ ਡਿਊਟੀ ਕਰਨ ਵਾਲੇ ਕਰਮਚਾਰੀਆਂ ਨੂੰ ਮੁਹੱਈਆ ਕਰਵਾਏ ਕਿਉਂ ਜੋ ਜਨਗਣਨਾ ਦਾ ਡਾਟਾ ਮੋਬਾਈਲ ਫ਼ੋਨ 'ਤੇ ਭਰਨ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਪੈੱ੍ਰਸ ਸਕੱਤਰ ਮਨੋਜ ਕੁਮਾਰ, ਬਲਾਕ ਪ੍ਰਧਾਨ ਪ੍ਰਭਜੋਤ ਸਿੰਘ, ਹਰਜਿੰਦਰ ਸਿੰਘ ਖੰਨਾ, ਹਰਵਿੰਦਰ ਸਿੰਘ ਪੁੜੈਣ, ਨਵੀਨ ਕਪਿਲਾ, ਜਗਮੀਤ ਸਿੰਘ ਅਤੇ ਸਿਮਰਜੋਤ ਸਿੰਘ ਨੇ ਮੰਗ ਕੀਤੀ ਹੈ ਕਿ ਜਨਗਣਨਾ ਡਿਊਟੀ ਦੌਰਾਨ ਅਧਿਆਪਕਾਂ ਦੀਆਂ ਦੂਰ ਦੁਰਾਡੇ ਲੱਗੀਆਂ ਹੋਈਆਂ ਡਿਊਟੀਆਂ ਅਤੇ ਕਪਲ ਕੇਸ ਦੇ ਆਧਾਰ 'ਤੇ ਡਿਊਟੀਆਂ ਵਿਚ ਸੋਧ ਕੀਤੀ ਜਾਵੇ ਤਾਂ ਜੋ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |